ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ (CM Bhagwant Mann) ਨੇ ਸੂਬੇ ਵਿੱਚ ਇੱਕ ਵੱਡੀ ਫਿਲਮ ਸਿਟੀ (Film City in Punjab) ਬਣਾਉਣ ਦਾ ਐਲਾਨ ਕੀਤਾ ਹੈ। ਭਾਰਤ ਵਿਚ ਹੀ ਨਹੀਂ ਸਗੋਂ ਦੁਨੀਆਂ ਭਰ ਵਿਚ ਪੰਜਾਬੀ ਮਿਊਜ਼ਿਕ, ਗਾਣੇ ਤੇ ਪੰਜਾਬ ਕਲਾਕਾਰਾਂ ਤੋਂ ਲੈ ਕੇ ਫਿਲਮਾਂ ਦੇ ਵਧਦੇ ਕ੍ਰੇਜ਼ ਨੂੰ ਦੇਖਦਿਆਂ ਹੁਣ ਪੰਜਾਬ ਸਰਕਾਰ ਉਭਰਦੇ ਪੰਜਾਬੀ ਸਿਨਮਾ ਨੂੰ ਬਾਲੀਵੁੱਡ ਇੰਡਸਟਰੀ ਨਾਲ ਜੋੜਨ ਦੀ ਤਿਆਰੀ ਕਰ ਰਹੀ ਹੈ। ਇਸ ਨਾਲ ਪੰਜਾਬ ਦੇ ਨੌਜਵਾਨਾਂ ਅਤੇ ਉੱਭਰਦੀਆਂ ਪ੍ਰਤਿਭਾਵਾਂ ਨੂੰ ਚਮਕਣ ਅਤੇ ਨਾਮ ਕਮਾਉਣ ਦਾ ਮੌਕਾ ਮਿਲੇਗਾ ਮੁੰਬਈ ਪਹੁੰਚੇ ਸੀਐਮ ਮਾਨ ਨੇ ਕਿਹਾ, ਮੈਂ ਇੱਥੇ ਪੰਜਾਬੀ ਸਿਨੇਮਾ ਇੰਡਸਟਰੀ ਨੂੰ ਬਾਲੀਵੁੱਡ ਨਾਲ ਜੋੜਨ ਆਇਆ ਹਾਂ। ਮੈਂ ਮੁੰਬਈ ਵਿੱਚ ਸਥਾਪਿਤ ਫਿਲਮ ਸਟੂਡੀਓਜ਼ ਨੂੰ ਪੰਜਾਬ ਵਿੱਚ ਵੀ ਆਪਣੇ ਸਟੂਡੀਓ ਸਥਾਪਤ ਕਰਨ ਦੀ ਅਪੀਲ ਕਰਾਂਗਾ।’ ਇਸ ਨਾਲ ਨਾ ਸਿਰਫ਼ ਪੰਜਾਬੀ ਸਿਨੇਮਾ ਉਦਯੋਗ ਨੂੰ ਖੰਭ ਲੱਗਣਗੇ ਸਗੋਂ ਪੰਜਾਬੀ ਸੰਗੀਤ ਉਦਯੋਗ ਦੀਆਂ ਉਭਰਦੀਆਂ ਪ੍ਰਤਿਭਾਵਾਂ ਨੂੰ ਇੱਕ ਬਿਹਤਰ ਕਰੀਅਰ ਅਤੇ ਪਲੇਟਫਾਰਮ ਵੀ ਮਿਲੇਗਾ। ਦੱਸ ਦਈਏ ਕਿ ਪੰਜਾਬੀ ਗੀਤਾਂ, ਸੰਗੀਤ ਅਤੇ ਪੰਜਾਬੀ ਗਾਇਕੀ ਦਾ ਜਾਦੂ ਲੋਕਾਂ ਦੇ ਸਿਰ ਚੜ੍ਹ ਕੇ ਬੋਲਦਾ ਹੈ। ਇੱਥੋਂ ਤੱਕ ਕਿ ਪੰਜਾਬੀ ਗੀਤਾਂ ਦਾ ਕ੍ਰੇਜ਼ ਬਾਲੀਵੁੱਡ ਗੀਤਾਂ ਨਾਲੋਂ ਵੀ ਵਧ ਹੈ। ਇਹੀ ਕਾਰਨ ਹੈ ਕਿ ਪੰਜਾਬੀ ਗੀਤਾਂ ਦੀ ਵਰਤੋਂ ਪੰਜਾਬੀ ਐਲਬਮਾਂ ਵਿੱਚ ਹੀ ਨਹੀਂ ਸਗੋਂ ਬਾਲੀਵੁੱਡ ਫ਼ਿਲਮਾਂ ਵਿੱਚ ਵੀ ਕੀਤੀ ਜਾਂਦੀ ਹੈ। ਗੁਰੂ ਰੰਧਾਵਾ, ਦਿਲਜੀਤ ਦੁਸਾਂਝ, ਹਾਰਡੀ ਸੰਧੂ, ਹਨੀ ਸਿੰਘ, ਬੱਬੂ ਮਾਨ, ਗਿੱਪੀ ਗਰੇਵਾਲ, ਕਰਨ ਆਹੂਜਾ, ਜੱਸੀ ਗਿੱਲ ਆਦਿ ਕਈ ਪੰਜਾਬੀ ਗਾਇਕ ਵੀ ਬਾਲੀਵੁੱਡ ਨਾਲ ਜੁੜੇ ਹੋਏ ਹਨ, ਜਿਨ੍ਹਾਂ ਨੇ ਦੇਸ਼-ਵਿਦੇਸ਼ ਵਿੱਚ ਨਾਮ ਕਮਾਇਆ ਹੈ। ਇਸ ਦੇ ਨਾਲ ਹੀ ਹਾਲ ਹੀ ‘ਚ ਆਪਣੀ ਜਾਨ ਗੁਆਉਣ ਵਾਲੇ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਗੀਤ ਅੱਜ ਵੀ ਲੋਕਾਂ ਦੀ ਜ਼ੁਬਾਨ ‘ਤੇ ਹਨ।