ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਸਰਕਾਰੀ ਡਾਇਰੀ ਦੀ ਰਵਾਇਤੀ ਪ੍ਰਥਾ ਨੂੰ ਬਦਲ ਦਿੱਤਾ ਹੈ। ਹਰ ਸਾਲ ਜਾਰੀ ਹੋਣ ਵਾਲੀ ਸਰਕਾਰੀ ਡਾਇਰੀ ‘ਤੇ ਪੰਜਾਬ ਸਰਕਾਰ ਦਾ ਲੋਗੋ ਹੁੰਦਾ ਸੀ ਪਰ ਇਸ ਵਾਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਰੀ ਕੀਤੀ ਗਈ ਡਾਇਰੀ ‘ਚ ਪੰਜਾਬ ਸਰਕਾਰ ਦੇ ਸ਼ੇਰ ਲੋਗੋ ਦੀ ਬਜਾਏ ਉਨ੍ਹਾਂ ਦੀ ਆਪਣੀ ਫੋਟੋ ਹੈ। ਉਨ੍ਹਾਂ ਨੇ ਸੱਜੇ-ਖੱਬੇ ਸ਼ਹੀਦੇ-ਆਜ਼ਮ ਭਗਤ ਸਿੰਘ ਅਤੇ ਸੰਵਿਧਾਨ ਨਿਰਮਾਤਾ ਡਾਕਟਰ ਭੀਮ ਰਾਓ ਅੰਬੇਡਕਰ ਦੀ ਫੋਟੋ ਦੇ ਵਿਚਕਾਰ ਆਪਣੀ ਫੋਟੋ ਲਾਈ ਹੈ। ਦੱਸ ਦੇਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਸਹੁੰ ਚੁੱਕਣ ਤੋਂ ਬਾਅਦ ਮੁੱਖ ਮੰਤਰੀ ਦਾ ਅਹੁਦਾ ਸੰਭਾਲਿਆ ਸੀ ਤਾਂ ਉਨ੍ਹਾਂ ਨੇ ਸਾਰੇ ਸਰਕਾਰੀ ਦਫ਼ਤਰਾਂ ਨੂੰ ਹੁਕਮ ਜਾਰੀ ਕਰ ਦਿੱਤੇ ਸਨ ਕਿ ਦਫ਼ਤਰਾਂ ਵਿੱਚ ਕੋਈ ਵੀ ਉਨ੍ਹਾਂ ਦੀ ਫੋਟੋ ਨਹੀਂ ਲਾਉਣਗੇ। ਸਰਕਾਰੀ ਦਫ਼ਤਰਾਂ ਵਿੱਚ ਸਿਰਫ਼ ਦੋ ਫੋਟੋਆਂ ਹੀ ਲੱਗਣਗੀਆਂ। ਇਕ ਫੋਟੋ ਸ਼ਹੀਦ-ਏ-ਆਜ਼ਮ ਭਗਤ ਸਿੰਘ ਦੀ ਅਤੇ ਦੂਜੀ ਸੰਵਿਧਾਨ ਨਿਰਮਾਤਾ ਡਾ: ਭੀਮ ਰਾਓ ਅੰਬੇਡਕਰ ਦੀ ਹੋਵੇਗੀ। ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਉਸ ਡਾਇਰੀ ‘ਤੇ ਲਾਈ ਗਈ ਹੈ ਜੋ ਹਮੇਸ਼ਾ ਅਧਿਕਾਰੀਆਂ ਦੇ ਸਾਹਮਣੇ ਮੇਜ਼ ‘ਤੇ ਪਈ ਹੁੰਦੀ ਹੈ।