ਮਹਾਰਾਸ਼ਟਰ ਤੋਂ ਇਕ ਭਿਆਨਕ ਸੜਕ ਹਾਦਸੇ ਦੀ ਖਬਰ ਹੈ। ਪੁਣੇ ਸੋਲਾਪੁਰ ਨੈਸ਼ਨਲ ਹਾਈਵੇਅ ‘ਤੇ ਬੱਸ ਅਤੇ ਟਰੱਕ ਵਿਚਕਾਰ ਭਿਆਨਕ ਟੱਕਰ ਹੋ ਗਈ ਹੈ। ਤੇਜ਼ ਰਫ਼ਤਾਰ ਲਗਜ਼ਰੀ ਬੱਸ ਸੜਕ ਕਿਨਾਰੇ ਖੜ੍ਹੇ ਟਰੱਕ ਨਾਲ ਟਕਰਾ ਗਈ। ਇਸ ਹਾਦਸੇ ‘ਚ ਹੁਣ ਤੱਕ 4 ਯਾਤਰੀਆਂ ਦੀ ਮੌਤ ਹੋ ਚੁੱਕੀ ਹੈ। ਇਸ ਦੇ ਨਾਲ ਹੀ ਇਸ ਭਿਆਨਕ ਸੜਕ ਹਾਦਸੇ ‘ਚ 20 ਤੋਂ ਵੱਧ ਲੋਕ ਜ਼ਖਮੀ ਹੋ ਗਏ ਹਨ। ਜ਼ਖ਼ਮੀਆਂ ਨੂੰ ਤੁਰਤ ਸਰਕਾਰੀ ਹਸਪਤਾਲ ਦਾਖ਼ਲ ਕਰਵਾਇਆ ਗਿਆ। ਹਾਲਾਂਕਿ ਇਹ ਵੀ ਖਦਸ਼ਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵਧ ਸਕਦੀ ਹੈ। ਪਤਾ ਲੱਗਾ ਹੈ ਕਿ ਬੱਸ ਵਿੱਚ 35 ਯਾਤਰੀ ਸਵਾਰ ਸਨ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਹਾਦਸਾ ਅੱਜ ਤੜਕੇ ਦੌਂੜ ਤਾਲੁਕਾ ਦੇ ਵਖਾਰੀ ਪਿੰਡ ਦੀ ਹੱਦ ਵਿੱਚ ਵਾਪਰਿਆ। ਇੱਕ ਲਗਜ਼ਰੀ ਬੱਸ ਸੋਲਾਪੁਰ ਤੋਂ ਪੁਣੇ ਲਈ ਰਵਾਨਾ ਹੋਈ ਸੀ। ਪਿੰਡ ਵਖਾਰੀ ਦੀ ਹੱਦ ਵਿੱਚ ਟਾਇਰ ਫਟਣ ਕਾਰਨ ਇੱਕ ਟਰੱਕ ਸੜਕ ਕਿਨਾਰੇ ਫਸ ਗਿਆ। ਤੇਜ਼ ਰਫਤਾਰ ਕਾਰਨ ਬੱਸ ਟਰੱਕ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ ਬੱਸ ਦਾ ਇਕ ਹਿੱਸਾ ਬੁਰੀ ਤਰ੍ਹਾਂ ਨੁਕਸਾਨਿਆ ਗਿਆ। ਮ੍ਰਿਤਕਾਂ ਦੀ ਪਛਾਣ ਅਮਰ ਕਲਸ਼ੇਟੀ, ਗਣਪਤ ਪਾਟਿਲ, ਨਿਤਿਨ ਸ਼ਿੰਦੇ ਅਤੇ ਆਰਤੀ ਬਿਰਾਜਦਾਰ ਵਜੋਂ ਹੋਈ ਹੈ। ਕੁਝ ਜ਼ਖਮੀਆਂ ਨੂੰ ਨਿੱਜੀ ਹਸਪਤਾਲ ‘ਚ ਦਾਖਲ ਕਰਵਾਇਆ ਗਿਆ ਹੈ। ਇਸ ਘਟਨਾ ਤੋਂ ਬਾਅਦ ਇਲਾਕੇ ‘ਚ ਸਨਸਨੀ ਫੈਲ ਗਈ। ਘਟਨਾ ਦੀ ਸੂਚਨਾ ਮਿਲਦੇ ਹੀ ਵੱਡੀ ਗਿਣਤੀ ‘ਚ ਲੋਕ ਮੌਕੇ ‘ਤੇ ਪਹੁੰਚ ਗਏ। ਲੋਕਾਂ ਨੇ ਮੌਕੇ ‘ਤੇ ਪਹੁੰਚ ਕੇ ਜ਼ਖਮੀਆਂ ਦੀ ਮਦਦ ਕਰਨ ਦੀ ਕੋਸ਼ਿਸ਼ ਕੀਤੀ।