ਭੇਤਭਰੀ ਹਾਲਤ ‘ਚ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਦੀ ਮਿਲੀ ਲਾਸ਼, ਜਾਂਚ ’ਚ ਜੁਟੀ ਪੁਲਿਸ

ਪੰਜਾਬ ਦੇ ਖੁੰਖਾਰ ਗੈਂਗਸਟਰ ਹਰਜਿੰਦਰ ਸਿੰਘ ਉਰਫ ਵਿੱਕੀ ਗੌਂਡਰ ਦੇ ਪਿਤਾ ਦੀ ਮੌਤ ਹੋ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਦੱਸ ਦਈਏ ਕਿ ਮਲੋਟ ਸ਼੍ਰੀ ਗੰਗਾਨਗਰ ਰੇਲਵੇ ਟਰੈਕ ਤੋਂ ਲਾਸ਼ ਮਿਲਣ ਦੀ ਜਾਣਕਾਰੀ ਹਾਸਿਲ ਹੋਈ ਹੈ। ਮਿਲੀ ਜਾਣਕਾਰੀ ਮੁਤਾਬਿਕ ਪਿਛਲੇ ਇੱਕ ਦੋ ਦਿਨਾਂ ਤੋਂ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਲਾਪਤਾ ਦੱਸੇ ਜਾ ਰਹੇ ਸੀ। ਪਰ ਇਸ ਤਰ੍ਹਾਂ ਲਾਸ਼ ਰੇਲਵੇ ਟਰੈਕ ਤੋਂ ਮਿਲਣ ਤੋਂ ਬਾਅਦ ਮਾਮਲਾ ਖੁਦਕੁਸ਼ੀ ਦਾ ਦੱਸਿਆ ਜਾ ਰਿਹਾ ਹੈ। ਫਿਲਹਾਲ ਮੌਕੇ ’ਤੇ ਪਹੁੰਚ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਬੀਤੇ ਦਿਨ ਜੀਆਰਪੀ ਨੂੰ ਰੇਲਵੇ ਟ੍ਰੈਕ ‘ਤੇ ਇਕ ਅਣਪਛਾਤੀ ਦੀ ਲਾਸ਼ ਮਿਲੀ ਸੀ, ਜਿਸ ਨੂੰ ਸ਼ਨਾਖਤ ਲਈ 72 ਘੰਟਿਆਂ ਲਈ ਮੁਰਦਾਘਰ ‘ਚ ਰਖਵਾਇਆ ਗਿਆ ਸੀ। ਲਾਸ਼ ਦੀ ਪਛਾਣ ਮ੍ਰਿਤਕ ਗੈਂਗਸਟਰ ਵਿੱਕੀ ਗੌਂਡਰ ਦੇ ਪਿਤਾ ਮਹਿਲ ਸਿੰਘ ਵਜੋਂ ਹੋਈ ਹੈ। ਫਿਲਹਾਲ ਪੁਲਿਸ ਨੇ ਸ਼ਨਾਖਤ ਤੋਂ ਬਾਅਦ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਇਸ ਗੱਲ ਦੀ ਜਾਂਚ ਕਰ ਰਹੀ ਹੈ ਕਿ ਮਹਿਲ ਸਿੰਘ ਨੇ ਖੁਦਕੁਸ਼ੀ ਕੀਤੀ ਹੈ ਜਾਂ ਉਸ ਦੀ ਹੱਤਿਆ ਕੀਤੀ ਗਈ ਹੈ। ਕਾਬਿਲੇਗੌਰ ਹੈ ਕਿ 26 ਜਨਵਰੀ 2018 ਨੂੰ ਰਾਜਸਥਾਨ ਬਾਰਡਰ ਨੇੜੇ ਇਕ ਘਰ ਵਿਚ ਲੁਕੇ ਬੈਠੇ ਗੈਂਗਸਟਰ ਵਿੱਕੀ ਗੌਂਡਰ ਅਤੇ ਪ੍ਰੇਮਾ ਲਾਹੌਰੀਆ ਦਾ ਪੁਲਿਸ ਨੇ ਐਨਕਾਊਂਟਰ ਕੀਤਾ ਸੀ। ਇਸ ਦੌਰਾਨ ਸਿਪਾਹੀ ਬਲਵਿੰਦਰ ਸਿੰਘ ਤੇ ਕਿਰਪਾਲ ਸਿੰਘ ਜ਼ਖਮੀ ਹੋ ਗਏ ਸਨ।

Leave a Reply

Your email address will not be published. Required fields are marked *