ਤੁਰਕੀ ਤੇ ਸੀਰੀਆ ਵਿੱਚ 6 ਫਰਵਰੀ ਨੂੰ ਆਏ ਭੂਚਾਲ ਨੇ ਵੱਡੀ ਤਬਾਹੀ ਮਚਾਈ ਹੋਈ ਹੈ। ਇਸ ਤਬਾਹੀ ਕਾਰਨ ਹਰ ਪਾਸੇ ਮਲਬਾ ਖਿਲਰਿਆ ਪਿਆ ਹੈ ਤੇ ਚੀਕ-ਚਿਹਾੜਾ ਮਚਿਆ ਹੈ। ਮ੍ਰਿਤਕਾਂ ਦਾ ਅੰਕੜਾ ਲਗਾਤਾਰ ਵਧਦਾ ਜਾ ਰਿਹਾ ਹੈ। ਦੋਹਾਂ ਦੇਸ਼ਾਂ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਦੇ ਪਾਰ ਹੋ ਗਈ ਹੈ। ਉੱਥੇ ਹੀ ਜ਼ਖਮੀਆਂ ਦਾ ਅੰਕੜਾ 60 ਹਜ਼ਾਰ ਤੋਂ ਵੱਧ ਹੈ। ਇਸ ਤੋਂ ਇਲਾਵਾ ਹਜ਼ਾਰਾਂ ਇਮਾਰਤਾਂ ਤਬਾਹ ਹੋ ਗਈਆਂ ਹਨ ਤੇ ਲੋਕਾਂ ਦੇ ਮਲਬੇ ਵਿੱਚ ਦੱਬੇ ਹੋਣ ਦਾ ਖਦਸ਼ਾ ਹੈ। ਜ਼ਿਕਰਯੋਗ ਹੈ ਕਿ ਤੁਰਕੀ-ਸੀਰੀਆ ਸਣੇ ਕਈ ਹੋਰ ਦੇਸ਼ਾਂ ਵਿੱਚ ਸੋਮਵਾਰ ਨੂੰ 7.8 ਦੀ ਤੀਬਰਤਾ ਦਾ ਭੂਚਾਲ ਆਇਆ ਸੀ। ਤੁਰਕੀ ਵਿੱਚ ਭੂਚਾਲ ਦੇ ਝਟਕੇ ਗ੍ਰੀਨਲੈਂਡ ਤੱਕ ਮਹਿਸੂਸ ਕੀਤੇ ਗਏ ਸਨ। ਤੁਰਕੀ ਤੇ ਸੀਰੀਆ ਵਿੱਚ ਆਏ ਜ਼ਬਰਦਸਤ ਭੂਚਾਲ ਕਾਰਨ ਹਜ਼ਾਰਾਂ ਜ਼ਿੰਦਗੀਆਂ ਤਬਾਹ ਹੋ ਗਈਆਂ ਹਨ। ਪੀੜਤਾਂ ਦੇ ਲਈ ਸੋਗ ਮਨਾਇਆ ਜਾ ਰਿਹਾ ਹੈ। ਦੁਨੀਆ ਦੇ ਵਿਨਾਸ਼ਕਾਰੀ ਭੂਚਾਲ ਵਿੱਚ ਤੁਰਕੀ ਤੇ ਸੀਰੀਆ ਵਿੱਚ ਮਰਨ ਵਾਲਿਆਂ ਦੀ ਗਿਣਤੀ 15 ਹਜ਼ਾਰ ਤੋਂ ਵੱਧ ਹੋ ਗਈ ਹੈ। ਦੋਹਾਂ ਦੇਸ਼ਾਂ ਵਿੱਚ ਭੂਚਾਲ ਨਾਲ ਪ੍ਰਭਾਵਿਤ ਸ਼ਹਿਰਾਂ ਤੇ ਕਸਬਿਆਂ ਵਿੱਚ ਪੀੜਤਾਂ ਦੀ ਗਿਣਤੀ ਤੇਜ਼ੀ ਨਾਲ ਵੱਧ ਰਹੀ ਹੈ। ਤੁਰਕੀ ਵਿੱਚ 12,391 ਲੋਕਾਂ ਦੀ ਮੌਤ ਹੋਈ ਹੈ, ਜਦਕਿ 62,914 ਜ਼ਖਮੀ ਦੱਸੇ ਜਾ ਰਹੇ ਹਨ। ਉੱਥੇ ਹੀ ਸੀਰੀਆ ਵਿੱਚ ਮ੍ਰਿਤਕਾਂ ਦਾ ਅੰਕੜਾ ਵੱਧ ਕੇ 3,486 ਹੋ ਗਿਆ ਹੈ, ਜਦਕਿ ਜ਼ਖਮੀਆਂ ਦੀ ਗਿਣਤੀ 5,247 ਦੱਸੀ ਜਾ ਰਹੀ ਹੈ। ਮੀਡੀਆ ਰਿਪੋਰਟ ਮੁਤਾਬਕ ਤੁਰਕੀ ਦੇ ਨੂਰਦਗੀ ਸਣੇ ਕਈ ਸ਼ਹਿਰ ਮਲਬੇ ਦੇ ਢੇਰ ਵਿੱਚ ਤਬਦੀਲ ਹੋ ਗਏ ਹਨ। ਹਸਪਤਾਲਾਂ ਦੇ ਬਾਹਰ ਲਾਸ਼ਾਂ ਦੇ ਢੇਰ ਲੱਗ ਗਏ ਹਨ. ਉੱਥੇ ਹੀ ਟਰਕਿਸ਼ ਏਅਰਲਾਈਨ ਨੇ ਕਿਹਾ ਕਿ ਉਸਨੇ ਆਫ਼ਤ ਖੇਤਰ ਵਿੱਚੋਂ ਲਗਭਗ 20 ਹਜ਼ਾਰ ਲੋਕਾਂ ਨੂੰ ਕੱਢਿਆ ਸੀ, ਉਸ ਦਿਨ ਵਾਧੂ 30 ਹਜ਼ਾਰ ਯਾਤਰੀਆਂ ਨੂੰ ਉਡਾਣ ਭਰਨ ਦੀ ਉਮੀਦ ਸੀ। ਦੱਸ ਦੇਈਏ ਕਿ ਤੁਰਕੀ ਵਿੱਚ ਸਭ ਤੋਂ ਪ੍ਰਭਾਵਿਤ ਸ਼ਹਿਰਾਂ ਵਿੱਚ ਅੰਕਾਰਾ, ਨੂਰਦਗੀ ਸਣੇ 10 ਸ਼ਹਿਰ ਰਹੇ। ਵਿਦੇਸ਼ ਵਿਭਾਗ ਦੇ ਇੱਕ ਬੁਲਾਰੇ ਨੇ ਵਿਅਕਤੀਆਂ ਦੀ ਪਹਿਚਾਣ ਕੀਤੇ ਬਿਨ੍ਹਾਂ ਬੁੱਧਵਾਰ ਨੂੰ ਕਿਹਾ ਕਿ ਦੱਖਣ-ਪੂਰਬੀ ਤੁਰਕੀ ਵਿੱਚ ਆਏ ਭੂਚਾਲ ਵਿੱਚ ਘੱਟੋਂ-ਘੱਟ ਤਿੰਨ ਅਮਰੀਕੀ ਨਾਗਰਿਕ ਮਾਰੇ ਗਏ। ਇੱਥੇ ਰਾਹਤ ਤੇ ਬਚਾਅ ਦਾ ਕਾਰਜ ਲਗਾਤਾਰ ਜਾਰੀ ਹੈ। ਮ੍ਰਿਤਕਾਂ ਦਾ ਅੰਕੜਾ ਹਾਲੇ ਹੋਰ ਵਧਣ ਦਾ ਖਦਸ਼ਾ ਹੈ।