ਵਿਆਹ ਦੇ ਬੰਧਨ ‘ਚ ਬੱਝੇ ਅੰਮ੍ਰਿਤਪਾਲ ਸਿੰਘ, ਬਾਬਾ ਬਕਾਲਾ ਦੇ ਕੋਲ ਗੁਰੂਘਰ ‘ਚ ਹੋਇਆ ਆਨੰਦ ਕਾਰਜ

‘ਵਾਰਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਵਿਆਹ ਦੇ ਬੰਧਨ ਵਿਚ ਬੱਝ ਗਏ ਹਨ। ਉਨ੍ਹਾਂ ਨੇ ਇੰਗਲੈਂਡ ਦੀ ਰਹਿਣ ਵਾਲੀ ਐੱਨਆਰਆਈ ਕਿਰਨਦੀਪ ਕੌਰ ਨਾਲ ਲਾਵਾਂ ਲਈਆਂ ਹਨ। ਆਨੰਦ ਕਾਰਜ ਲਈ ਪਹਿਲਾਂ ਜਲੰਧਰ ਦੇ ਫਤਹਿਪੁਰ ਦੋਨਾ ਸਥਿਤ ਛੇਵੀਂ ਪਾਤਸ਼ਾਹੀ ਸ੍ਰੀ ਹਰਗੋਬਿੰਦ ਸਾਹਿਬ ਜੀ ਦੀ ਚਰਨ ਛੋਹ ਧਰਤੀ ਦਾ ਇਤਿਹਾਸਕ ਗੁਰੂਘਰ ਤੈਅ ਸੀ। ਪਰ ਆਖਰੀ ਸਮੇਂ ਵਿਆਹ ਦੀ ਲੋਕੇਸ਼ਨ ਬਦਲ ਦਿੱਤੀ ਗਈ। ਇੰਗਲੈਂਡ ਤੋਂ ਆਈ ਕਿਰਨਦੀਪ ਤੇ ਉਨ੍ਹਾਂ ਦਾ ਪਰਿਵਾਰ ਪਿੰਡ ਕੁਲਾਰਾਂ ਤੋਂ ਸਵੇਰੇ 4 ਵਜੇ ਗੱਡੀਆਂ ਤੋਂ ਗੁਰੂਘਰ ਫਤਿਹਪੁਰ ਦੋਨਾਂ ਵੱਲ ਨਿਕਲਣ ਦੀ ਬਜਾਏ ਬਾਬਾ ਬਕਾਲਾ ਵੱਲ ਨਿਕਲ ਗਿਆ। ਦੋਵਾਂ ਦਾ ਆਨੰਦ ਕਾਰਜ ਅੱਜ ਬਾਬਾ ਬਕਾਲਾ ਕੋਲ ਪੈਂਦੇ ਪਿੰਡ ਜੱਲੂਪੁਰ ਖੇੜਾ ਦੇ ਗੁਰੂ ਘਰ ਵਿਚ ਹੋਇਆ। ਅੰਮ੍ਰਿਤਪਾਲ ਸਿੰਘ ਦੇ ਵਿਆਹ ਪ੍ਰੋਗਰਾਮ ਨੂੰ ਪੂਰੀ ਤਰ੍ਹਾਂ ਸੀਕ੍ਰੇਟ ਰੱਖਿਆ ਜਾ ਰਿਹਾ ਹੈ। ਗੁਰੂਘਰ ਦੀ ਮੈਨੇਜਮੈਂਟ ਤੋਂ ਲੈ ਕੇ ਅੰਮ੍ਰਿਤਪਾਲ ਦੇ ਪਰਿਵਾਰ ਵਾਲਿਆਂ ਤੱਕ ਕੋਈ ਵੀ ਕੁਝ ਨਹੀਂ ਦੱਸ ਰਿਹਾ ਹੈ। ਗੁਰੂਘਰ ਵਿਚ ਵੀ ਵਿਆਹ ਦੀ ਬੁਕਿੰਗ ਉਸ ਦੇ ਨਾਂ ਨਹੀਂ ਸਗੋਂ ਕਿਸੇ ਹੋਰ ਦੇ ਨਾਂ ‘ਤੇ ਕਰਵਾਈ ਗਈ ਹੈ। ਆਨੰਦ ਕਾਰਜ ਬਹੁਤ ਹੀ ਸਾਧਾਰਨ ਤਰੀਕੇ ਨਾਲ ਕੀਤਾ ਜਾ ਰਿਹਾ ਹੈ। ਗੁਰੂ ਘਰ ਵਿਚ ਕੋਈ ਵਿਸ਼ੇਸ਼ ਟੈਂਟ ਜਾਂ ਫਿਰ ਹੋਰ ਸਜਾਵਟ ਦੇ ਪ੍ਰਬੰਧ ਨਹੀਂ ਕੀਤੇ ਗਏ ਹਨ। ਸੂਤਰਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵਿਆਹ ਦੇ ਪ੍ਰੋਗਰਾਮ ਲਈ ਗੁਰੂਘਰ ਵਿਚ ਬੁਕਿੰਗ ਸਵੇਰੇ 7 ਵਜੇ ਤੋਂ ਲੈ ਕੇ ਦੁਪਿਹਰ 1 ਵਜੇ ਤੱਕ ਕੀਤੀ ਗਈ ਹੈ। ਆਨੰਦ ਕਾਰਜ ਦਾ ਪ੍ਰੋਗਰਾਮ ਤੇ ਉਸ ਦੇ ਬਾਅਦ ਲੰਗਰ ਦਾ ਪ੍ਰਬੰਧ ਗੁਰੂਘਰ ਵਿਚ ਹੀ ਕੀਤਾ ਗਿਆ ਹੈ। ਅੰਮ੍ਰਿਤਪਾਲ ਸਿੰਘ ਇੰਗਲੈਂਡ ਦੀ ਜਿਸ ਕਿਰਨਦੀਪ ਕੌਰ ਨਾਲ ਆਪਣਾ ਜੀਵਨ ਬਿਤਾਉਣ ਜਾ ਰਹੇ ਹਨ, ਉਸ ਦੇ ਪਰਿਵਾਰ ਨਾਲ ਉਸ ਦੀ ਪੁਰਾਣੀ ਪਛਾਣ ਹੈ। ਕਿਰਨਦੀਪ ਦੇ ਪਿਤਾ ਪਿਆਰਾ ਸਿੰਘ ਮੂਲ ਤੌਰ ‘ਤੇ ਜਲੰਧਰ ਤਹਿਤ ਆਉਂਦੇ ਪਿੰਡ ਕੁਲਾਰਾਂ ਜੋ ਕਿ ਨਕੋਦਰ ਕੋਲ ਪੈਂਦਾ ਹੈ, ਦੇ ਰਹਿਣ ਵਾਲੇ ਹਨ ਪਰ ਹੁਣ ਇਹ ਪਰਿਵਾਰ ਇੰਗਲੈਂਡ ਵਿਚ ਸੈਟਲ ਹੋ ਗਏ ਹਨ ਤੇ ਉਨ੍ਹਾਂ ਕੋਲ ਇੰਗਲੈਂਡ ਦੀ ਨਾਗਰਿਕਤਾ ਵੀ ਹੈ।

Leave a Reply

Your email address will not be published. Required fields are marked *