ਮੈਂ ਤੇ ਮੇਰੀ ਸਿੰਘਣੀ ਇਥੇ ਹੀ ਰਹਾਂਗੇ, ਵਿਆਹ ਸਾਦੇ ਢੰਗ ਨਾਲ ਹੀ ਹੋਣੇ ਚਾਹੀਦੇ ਹਨ: ਅੰਮ੍ਰਿਤਪਾਲ

ਵਾਰਿਸ ਪੰਜਾਬ ਦੇ ਸੰਸਥਾ ਦੇ ਮੁਖੀ ਅੰਮ੍ਰਿਤਪਾਲ ਸਿੰਘ ਸ਼ੁੱਕਰਵਾਰ ਨੂੰ ਵਿਆਹ ਦੇ ਬੰਧਨ ਵਿੱਚ ਬੱਝ ਗਏ।ਅੰਮ੍ਰਿਤਪਾਲ ਸਿੰਘ ਦਾ ਵਿਆਹ ਇੰਗਲੈਂਡ ਦੀ ਰਹਿਣ ਵਾਲੀ ਕਿਰਨਦੀਪ ਕੌਰ ਨਾਲ ਹੋਇਆ ਹੈ। ਵਿਆਹ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਉਨ੍ਹਾਂ ਆਖਿਆ ਕਿ ਵਿਆਹ ਸਾਦੇ ਢੰਗ ਨਾਲ ਹੀ ਹੋਣੇ ਚਾਹੀਦੇ ਹਨ, ਤਾਂ ਜੋ ਦੋਵਾਂ ਪਰਿਵਾਰਾਂ ਉਤੇ ਵਿੱਤੀ ਬੋਝ ਨਾ ਪਵੇ। ਉਨ੍ਹਾਂ ਨੂੰ ਜਦੋਂ ਵਿਆਹ ਤੋਂ ਬਾਅਦ ਵਿਦੇਸ਼ ਜਾਣ ਬਾਰੇ ਸਵਾਲ ਕੀਤਾ ਗਿਆ ਤਾਂ ਉਨ੍ਹਾਂ ਆਖਿਆ ਹੈ ਕਿ ਉਹ ਤੇ ਉਨ੍ਹਾਂ ਦੀ ਸਿੰਘਣੀ ਇਥੇ ਹੀ ਰਹਿਣਗੇ। ਉਨ੍ਹਾਂ ਕਿਹਾ ਕਿ ਵਿਆਹ ਸਾਦੇ ਢੰਗ ਨਾਲ ਹੀ ਹੋਣੇ ਜ਼ਰੂਰੀ ਹਨ। ਇਸ ਨਾਲ ਦੋਵਾਂ ਪਰਿਵਾਰਾਂ ਦਾ ਹੀ ਫਾਇਦਾ ਹੈ। ਲੋਕ ਵਿਖਾਵੇ ਵਿਚ ਆ ਕੇ ਵਿੱਤੀ ਬੋਝ ਥੱਲੇ ਦੱਬੇ ਜਾਣਾ ਕੋਈ ਸਿਆਣਪ ਵਾਲੀ ਗੱਲ ਨਹੀਂ ਹੈ। ਦੱਸ ਦਈਏ ਕਿ ਅੰਮ੍ਰਿਤਪਾਲ ਸਿੰਘ ਦੇ ਵਿਆਹ ਨੂੰ ਪੂਰੀ ਤਰਾਂ ਗੁਪਤ ਰੱਖਿਆ ਗਿਆ ਹੈ। ਵਿਆਹ ਪੂਰੇ ਸਾਦੇ ਤਰੀਕੇ ਨਾਲ ਹੋਇਆ। ਲਾਵਾਂ ਹੋਣ ਤੋਂ ਬਾਅਦ ਗੁਰੂਘਰ ਵਿੱਚ ਹੀ ਲੰਗਰ ਦਾ ਪ੍ਰਬੰਧ ਕੀਤਾ ਗਿਆ। ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਦੇ ਗੁਰੂ ਘਰ ਵਿਚ ਲਾਵਾਂ ਲਈਆਂ। ਅੰਮ੍ਰਿਤਪਾਲ ਸਿੰਘ ਦਾ ਇੰਗਲੈਂਡ ਦੀ ਜਿਸ ਕਿਰਨਦੀਪ ਕੌਰ ਨਾਲ ਵਿਆਹ ਹੋਇਆ ਹੈ, ਦੱਸਿਆ ਕਿਹਾ ਜਾ ਰਿਹਾ ਹੈ ਕਿ ਇਨ੍ਹਾਂ ਪਰਿਵਾਰਾਂ ਦੀ ਆਪਸੀ ਪੁਰਾਣੀ ਪਛਾਣ ਹੈ। ਇਸ ਪਰਿਵਾਰ ਦਾ ਪਿਛੋਕੜ ਜਲੰਧਰ ਹੈ ਤੇ ਉਹ ਸਮਾਂ ਪਹਿਲਾਂ ਇੰਲਗੈਂਡ ਵਸ ਗਏ ਹਨ ਤੇ ਹੁਣ ਉੱਥੋਂ ਦੇ ਹੀ ਸਿਟੀਜਨ ਹਨ। 1993 ਵਿੱਚ ਜਨਮੇ ਅੰਮ੍ਰਿਤਪਾਲ ਸਿੰਘ ਸੰਧੂ ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ ਤਹਿਸੀਲ ਦੇ ਪਿੰਡ ਜੱਲੂਪੁਰ ਖੇੜਾ ਦੇ ਵਸਨੀਕ ਹਨ। ਕਿਹਾ ਜਾਂਦਾ ਹੈ ਕਿ ਉਨ੍ਹਾਂ ਨੇ 2012 ਵਿੱਚ ਕੰਮ ਲਈ ਦੁਬਈ ਜਾਣ ਤੋਂ ਪਹਿਲਾਂ ਪਲੱਸ ਟੂ ਤੱਕ ਦੀ ਪੜ੍ਹਾਈ ਕੀਤੀ ਸੀ। ਉਨ੍ਹਾਂ ਨੇ ਦੁਬਈ ਵਿੱਚ ਟਰਾਂਸਪੋਰਟ ਕਾਰੋਬਾਰ ਵਿੱਚ ਕੰਮ ਕੀਤਾ ਅਤੇ 2022 ਵਿੱਚ “ਵਾਰਿਸ ਪੰਜਾਬ ਦੇ” ਸੰਸਥਾ ਨੂੰ ਸੰਭਾਲਣ ਲਈ ਵਾਪਸ ਆ ਗਏ।

Leave a Reply

Your email address will not be published. Required fields are marked *