ਇੱਕ ਪਾਸੇ ਜਿੱਥੇ ਪੰਜਾਬ ਸਰਕਾਰ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਨੂੰ ਨੌਕਰੀ ਦੇਣ ਦਾ ਦਾਅਵਾ ਕਰ ਰਹੀ ਹੈ। ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ ਵੱਲੋਂ ਵੱਖ-ਵੱਖ ਵਿਭਾਗਾਂ ’ਚ ਕੰਮ ਕਰ ਰਹੇ ਹਜ਼ਾਰਾਂ ਦੀ ਗਿਣਤੀ ’ਚ ਨੌਜਵਾਨਾਂ ਦੀ ਇਸ ਮਹੀਨੇ ਤਨਖਾਹ ਨਹੀਂ ਦਿੱਤੀ ਗਈ ਹੈ। ਵਿੱਤ ਵਿਭਾਗ ਦੇ ਸੂਤਰਾਂ ਮੁਤਾਬਿਕ ਵਿਸ਼ੇਸ਼ ਤੌਰ ‘ਤੇ ਜ਼ਿਲ੍ਹਿਆਂ ਤੇ ਡਿਪਟੀ ਕਮਿਸ਼ਨਰਾਂ ਦੇ ਦਫ਼ਤਰਾਂ, ਸਿੱਖਿਆ, ਸਿਹਤ ਵਿਭਾਗ ਮੁਲਾਜ਼ਮਾਂ ਤੇ ਅਧਿਆਪਕਾਂ, ਡਾਕਟਰਾਂ ਤੇ ਦੂਜੇ ਹੋਰ ਵਿਭਾਗਾਂ ਵਿਚ ਵੀ ਪੱਕੀਆਂ ਅਸਾਮੀਆਂ ‘ਤੇ ਕੰਮ ਕਰਨ ਵਾਲੇ ਮੁਲਾਜ਼ਮਾਂ ਦੀਆਂ ਤਨਖ਼ਾਹਾਂ ਵਿੱਤ ਵਿਭਾਗ ਵਲੋਂ ਰੋਕ ਲਈਆਂ ਗਈਆਂ ਹਨ ਕਿਉਂਕਿ ਸਬੰਧਿਤ ਵਿਭਾਗਾਂ ਵਲੋਂ ਆਰਜ਼ੀ ਅਸਾਮੀਆਂ ਜਾਰੀ ਰੱਖਣ ਜਾਂ ਰੈਗੂਲਰ ਕਰਵਾਉਣ ਲਈ ਪ੍ਰਵਾਨਗੀਆਂ ਪ੍ਰਾਪਤ ਨਹੀਂ ਕੀਤੀਆਂ ਗਈਆਂ ਹਨ। ਦੱਸ ਦਈਏ ਕਿ ਵਿਭਾਗਾਂ ਵਲੋਂ ਆਰਜ਼ੀ ਅਸਾਮੀਆਂ ਜਾਰੀ ਰੱਖਣ ਜਾਂ ਰੈਗੂਲਰ ਕਰਵਾਉਣ ਲਈ ਪ੍ਰਵਾਨਗੀਆਂ ਹਰ ਸਾਲ ਲਈ ਜਾਣੀ ਹੁੰਦੀ ਹੈ ਪਰ ਤਨਖਾਹਾਂ ਨਾ ਮਿਲਣ ਕਾਰਨ ਮੁਲਾਜ਼ਮ ਔਖੇ ਹੋਏ ਪਏ ਹਨ। ਵਿੱਤ ਵਿਭਾਗ ਦੇ ਸੂਤਰਾਂ ਨਾਲ ਸੰਪਰਕ ਕਰਨ ’ਤੇ ਉਨ੍ਹਾਂ ਦੱਸਿਆ ਕਿ ਇਸ ਦਾ ਕਾਰਨ ਵਿੱਤੀ ਨਹੀਂ ਹੈ ਸਗੋਂ ਵਿਭਾਗਾਂ ਵਲੋਂ ਪ੍ਰਵਾਨਗੀਆਂ ਨਹੀਂ ਲਈਆਂ ਗਈਆਂ ਸਨ ਜਿਸ ਕਰਕੇ ਇਹ ਦਿੱਕਤ ਆਈ ਹੈ। ਉਨ੍ਹਾਂ ਮੁਤਾਬਿਕ ਦੋ ਦਿਨਾਂ ਤੱਕ ਤਨਖਾਹਾਂ ਰਿਲੀਜ਼ ਹੋ ਸਕਦੀਆਂ ਹਨ।