ਚੰਡੀਗੜ੍ਹ-ਮੁਹਾਲੀ ਸਰਹੱਦ ‘ਤੇ ਹਿੰਸਾ: 2 ਵਕੀਲਾਂ ‘ਤੇ ਕੇਸ ਕਰਨ ਖ਼ਿਲਾਫ਼ ਚੰਡੀਗੜ੍ਹ ਅਦਾਲਤ ‘ਚ ਕੰਮਕਾਜ ਠੱਪ

ਮੁਹਾਲੀ ਸਰਹੱਦ ‘ਤੇ ਬੰਦੀ ਸਿੱਖਾਂ ਦੀ ਰਿਹਾਈ ਨੂੰ ਲੈ ਕੇ 8 ਫਰਵਰੀ ਨੂੰ ਹੋਈ ਹਿੰਸਾ ‘ਚ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦੇ ਦੋ ਵਕੀਲਾਂ ਨੂੰ ਨਾਮਜ਼ਦ ਕੀਤਾ ਗਿਆ ਹੈ। ਇਸ ਦੇ ਵਿਰੋਧ ਵਿੱਚ ਅੱਜ ਚੰਡੀਗੜ੍ਹ ਜ਼ਿਲ੍ਹਾ ਅਦਾਲਤ ਦਾ ਕੰਮਕਾਜ ਠੱਪ ਰੱਖਿਆ। ਰੋਸ ਵਜੋਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਨੇ ਇਹ ਫੈਸਲਾ ਲਿਆ ਹੈ। ਬਾਰ ਦੀ ਕਾਰਜਕਾਰਨੀ ਨੇ ਹੰਗਾਮੀ ਮੀਟਿੰਗ ਬੁਲਾਈ ਤੇ ਸਰਬਸੰਮਤੀ ਨਾਲ ਮਤਾ ਪਾਸ ਕੀਤਾ। ਉਨ੍ਹਾਂ ਦੱਸਿਆ ਕਿ ਪੁਲਿਸ ਨੇ ਐਡਵੋਕੇਟ ਅਮਰ ਸਿੰਘ ਚਾਹਲ ਤੇ ਦਿਲਸ਼ੇਰ ਸਿੰਘ ਜੰਡਿਆਲਾ ਖ਼ਿਲਾਫ਼ ਝੂਠੀ ਐਫਆਈਆਰ ਦਰਜ ਕੀਤੀ ਹੈ। ਦੋਵਾਂ ਵਕੀਲਾਂ ਦੇ ਨਾਂ ਐਫਆਈਆਰ ‘ਚੋਂ ਹਟਾਉਣ ਲਈ ਚੰਡੀਗੜ੍ਹ ਦੀ ਐਸਐਸਪੀ ਮਨੀਸ਼ਾ ਚੌਧਰੀ ਨੂੰ ਮੰਗ ਪੱਤਰ ਵੀ ਦਿੱਤਾ ਗਿਆ। ਅੱਜ ਦੁਪਹਿਰ 12 ਵਜੇ ਇਸ ਮੁੱਦੇ ‘ਤੇ ਜਨਰਲ ਹਾਊਸ ਦੀ ਮੀਟਿੰਗ ਵੀ ਬੁਲਾਈ ਗਈ ਹੈ। ਇਸ ਸਬੰਧੀ ਬਾਰ ਐਸੋਸੀਏਸ਼ਨ ਅਗਲੀ ਰਣਨੀਤੀ ਉਲੀਕੇਗੀ। ਪੁਲਿਸ ਨੇ ਇਸ ਮਸਲੇ ਵਿਚ ਮਾਮਲਾ ਦਰਜ ਕਰ ਲਿਆ ਜਿਨ੍ਹਾਂ ਵਿਚ ਜਗਤਾਰ ਸਿੰਘ ਹਵਾਰਾ ਦੇ ਪਿਤਾ ਗੁਰਚਰਨ ਸਿੰਘ, ਬਲਵਿੰਦਰ ਸਿੰਘ, ਅਮਰ ਸਿੰਘ ਚਾਹਲ, ਦਿਲਸ਼ੇਰ ਸਿੰਘ ਜੰਡਿਆਲਾ, ਜਸਵਿੰਦਰ ਸਿੰਘ ਰਾਜਪੁਰਾ, ਰੁਪਿੰਦਰਜੀਤ ਸਿੰਘ ਆਦਿ ਸ਼ਾਮਲ ਹਨ। ਸੈਕਟਰ 34 ਥਾਣੇ ਦੇ ਐਸਐਚਓ ਦਵਿੰਦਰ ਸਿੰਘ ਦੀ ਸ਼ਿਕਾਇਤ ਉਤੇ ਕੇਸ ਦਰਜ ਕੀਤਾ ਗਿਆ ਹੈ। ਕਾਬਿਲੇਗੌਰ ਹੈ ਕਿ ਸੈਕਟਰ 36 ਥਾਣੇ ਦੀ ਪੁਲਿਸ ਨੇ ਦੰਗਾ, ਹਥਿਆਰਾਂ ਨਾਲ ਹੰਗਾਮਾ ਕਰਨ, ਗੈਰ-ਕਾਨੂੰਨੀ ਢੰਗ ਨਾਲ ਇਕੱਠ ਕਰਨ, ਸਰਕਾਰੀ ਮੁਲਾਜ਼ਮਾਂ ਦੀ ਡਿਊਟੀ ‘ਚ ਵਿਘਨ ਪਾਉਣ, ਸਰਕਾਰੀ ਹੁਕਮਾਂ ਦੀ ਉਲੰਘਣਾ ਕਰਨ, ਡਿਊਟੀ ਦੌਰਾਨ ਸਰਕਾਰੀ ਮੁਲਾਜ਼ਮ ਨੂੰ ਜਾਣਬੁੱਝ ਕੇ ਕੁੱਟਮਾਰ ਕਰਕੇ ਜ਼ਖ਼ਮੀ ਕਰਨ ਦਾ ਕੇਸ ਦਰਜ ਕੀਤਾ ਹੈ। ਕਤਲ ਦੀ ਕੋਸ਼ਿਸ਼, ਡਕੈਤੀ, ਡਕੈਤੀ, ਸਰਕਾਰੀ ਜਾਇਦਾਦ ਨੂੰ ਨੁਕਸਾਨ ਪਹੁੰਚਾਉਣ, ਅਪਰਾਧਿਕ ਸਾਜ਼ਿਸ਼ ਅਤੇ ਆਰਮਜ਼ ਐਕਟ ਦੀਆਂ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ।

Leave a Reply

Your email address will not be published. Required fields are marked *