ਤੁਰਕੀ—ਸੀਰੀਆ ‘ਚ ਆਏ ਭਿਆਨਕ ਭੂਚਾਲ ਕਾਰਨ 41 ਹਜ਼ਾਰ ਤੋਂ ਵੱਧ ਲੋਕਾਂ ਦੀ ਮੌਤ ਹੋ ਗਈ ਹੈ। ਕਰੀਬ 9 ਦਿਨਾਂ ਤੋਂ ਲੋਕ ਮਲਬੇ ਹੇਠ ਦੱਬੇ ਹੋਏ ਹਨ। ਦੁਨੀਆ ਭਰ ਦੇ ਬਚਾਅ ਕਰਮਚਾਰੀ ਲਗਾਤਾਰ ਲੋਕਾਂ ਨੂੰ ਲੱਭਣ ਵਿੱਚ ਲੱਗੇ ਹੋਏ ਹਨ। ਹਾਲਾਂਕਿ, ਗੰਭੀਰ ਸਥਿਤੀ ਦੇ ਕਾਰਨ, ਮਦਦ ਤੁਰੰਤ ਹਰ ਕਿਸੇ ਤੱਕ ਨਹੀਂ ਪਹੁੰਚ ਰਹੀ ਹੈ। ਇਸ ਖ਼ਤਰਨਾਕ ਭੂਚਾਲ ਵਿੱਚ ਹਜ਼ਾਰਾਂ ਘਰ ਤਬਾਹ ਹੋ ਗਏ ਹਨ। ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਇਪ ਏਰਦੋਗਨ ਨੇ ਕਿਹਾ ਕਿ ਤੁਰਕੀ ਵਿੱਚ ਪਿਛਲੇ ਹਫ਼ਤੇ ਆਏ ਭੂਚਾਲ ਵਿੱਚ ਮਰਨ ਵਾਲਿਆਂ ਦੀ ਗਿਣਤੀ 35,418 ਹੋ ਗਈ ਹੈ। ਉਨ੍ਹਾਂ ਕਿਹਾ ਕਿ 100 ਸਾਲ ਪਹਿਲਾਂ ਦੇਸ਼ ਦੀ ਸਥਾਪਨਾ ਤੋਂ ਬਾਅਦ ਇਹ ਹੁਣ ਤੱਕ ਦੀ ਸਭ ਤੋਂ ਗੰਭੀਰ ਤਬਾਹੀ ਹੈ। 1939 ਵਿੱਚ ਤੁਰਕੀ ਦੇ ਸ਼ਹਿਰ ਅਰਗਿੰਕਨ ਵਿੱਚ ਇੱਕ ਸ਼ਕਤੀਸ਼ਾਲੀ ਭੂਚਾਲ ਵਿੱਚ ਲਗਭਗ 33,000 ਲੋਕ ਮਾਰੇ ਗਏ ਸਨ। ਏਰਦੋਗਨ ਨੇ ਕਿਹਾ ਕਿ 6 ਫਰਵਰੀ ਨੂੰ ਆਏ ਭੂਚਾਲ ਅਤੇ ਕਈ ਝਟਕਿਆਂ ਦੇ ਨਤੀਜੇ ਵਜੋਂ 1,05,505 ਲੋਕ ਜ਼ਖਮੀ ਹੋਏ ਹਨ। ਭੂਚਾਲ ਨੂੰ ‘ਸਦੀ ਦੀ ਆਫ਼ਤ’ ਦੱਸਦਿਆਂ ਰਾਸ਼ਟਰਪਤੀ ਨੇ ਕਿਹਾ ਕਿ 13,000 ਤੋਂ ਵੱਧ ਲੋਕ ਅਜੇ ਵੀ ਹਸਪਤਾਲ ਵਿੱਚ ਦਾਖ਼ਲ ਹਨ। ਅੰਕਾਰਾ ਵਿੱਚ, ਰਾਹਤ ਏਜੰਸੀ ਏਐਫਏਡੀ ਦੇ ਹੈੱਡਕੁਆਰਟਰ ਵਿੱਚ ਹੋਈ ਪੰਜ ਘੰਟੇ ਦੀ ਕੈਬਨਿਟ ਮੀਟਿੰਗ ਤੋਂ ਬਾਅਦ, ਏਰਦੋਆਨ ਨੇ ਕਿਹਾ ਕਿ 47,000 ਇਮਾਰਤਾਂ ਜਾਂ ਤਾਂ ਜ਼ਮੀਨ ‘ਤੇ ਢਹਿ ਗਈਆਂ ਜਾਂ ਬੁਰੀ ਤਰ੍ਹਾਂ ਨੁਕਸਾਨੀਆਂ ਗਈਆਂ। ਇਸ ਦੇ ਨਾਲ ਹੀ ਸੀਰੀਆ ਦੇ ਅਧਿਕਾਰੀਆਂ ਨੇ ਕਿਹਾ ਹੈ ਕਿ ਸੀਰੀਆ ‘ਚ ਘੱਟੋ-ਘੱਟ 5,800 ਲੋਕ ਮਾਰੇ ਗਏ ਹਨ। ਖ਼ਦਸ਼ਾ ਜਤਾਇਆ ਜਾ ਰਿਹਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਹੋਰ ਵਧ ਸਕਦੀ ਹੈ ਕਿਉਂਕਿ ਲੋਕ ਅਜੇ ਵੀ ਮਲਬੇ ਹੇਠ ਦੱਬੇ ਹੋਏ ਹਨ।