ਕੇਂਦਰੀ ਜਲ ਸਰੋਤ ਮੰਤਰੀ ਗਜੇਂਦਰ ਸਿੰਘ ਸ਼ੇਖਾਵਤ ਕੱਲ੍ਹ ਅੰਮ੍ਰਿਤਸਰ ਪਹੁੰਚੇ। ਇਸ ਮੌਕੇ ਸ਼ੇਖਾਵਤ ਨੇ ਆਖਿਆ ਹੈ ਕਿ ਪੰਜਾਬ ਵਿਚ ਭਾਜਪਾ ਦਾ ਪਰਿਵਾਰ ਲਗਾਤਾਰ ਵਧ ਰਿਹਾ ਹੈ ਤੇ ਲੋਕ ਭਾਜਪਾ ਦੀ ਸੋਚ ਤੋਂ ਪ੍ਰਭਾਵਿਤ ਹੋ ਕੇ ਪਾਰਟੀ ਨਾਲ ਜੁੜ ਰਹੇ ਹਨ। ਉਨ੍ਹਾਂ ਕਿਹਾ ਕਿ ਪੰਜਾਬ ਭਾਜਪਾ ਵਿਚ ਲੋਕਾਂ ਦੀ ਵਧ ਰਹੀ ਆਮਦ ਤੋਂ ਸਪਸ਼ਟ ਹੈ ਕਿ ਆਉਣ ਵਾਲੀਆਂ ਸਥਾਨਕ ਚੋਣਾਂ ਵਿਚ ਭਾਜਪਾ ਜਿੱਤ ਪ੍ਰਾਪਤ ਕਰੇਗੀ। ਇਸ ਮੌਕੇ ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਆਖਿਆ ਕਿ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦੇ ਭਾਜਪਾ ਵਿਚ ਸ਼ਾਮਲ ਹੋ ਰਹੇ ਹਨ। ਇਸ ਦੌਰਾਨ ਉਨ੍ਹਾਂ ਦਾਅਵਾ ਕੀਤਾ ਕਿ ਪਿਛਲੀਆਂ ਸਰਕਾਰਾਂ ਵਾਂਗ ਲੋਕ ‘ਆਪ’ ਸਰਕਾਰ ਤੋਂ ਵੀ ਤੰਗ ਆ ਚੁੱਕੇ ਹਨ। ਦੋਵੇਂ ਆਗੂ ਇਥੇ ਵੱਖ-ਵੱਖ ਪਾਰਟੀਆਂ ਨਾਲ ਸਬੰਧਤ 6 ਕੌਂਸਲਰਾਂ ਸਮੇਤ ਕਾਰਕੁਨਾਂ ਨੂੰ ਭਾਜਪਾ ਵਿਚ ਸ਼ਾਮਲ ਕਰਨ ਮੌਕੇ ਸੰਬੋਧਨ ਕਰ ਰਹੇ ਸਨ। ਭਾਜਪਾ ਦੇ ਸੂਬਾਈ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਅਕਾਲੀ ਦਲ ਨਾਲ ਭਾਜਪਾ ਦਾ ਹੁਣ ਕਿਸੇ ਵੀ ਤਰ੍ਹਾਂ ਦਾ ਚੋਣ ਸਮਝੌਤਾ ਨਹੀਂ ਹੋਵੇਗਾ। ਕਿਉਂਕਿ ਰਾਜਸੀ ਸਾਂਝ ਦੌਰਾਨ ਅਕਾਲੀ ਦਲ ਤੋਂ ਭਾਜਪਾ ਪਹਿਲਾਂ ਕਈ ਵਾਰ ਧੋਖੇ ਦਾ ਸ਼ਿਕਾਰ ਹੋ ਚੁੱੱਕੀ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ ਸਿਰਫ ਆਪਣੇ ਦਮ ਉਤੇ ਚੋਣਾ ਲੜਨ ਦੀ ਸਮਰਥਾ ਰੱਖਣ ਲੱਗੀ ਹੈ।