ਯੂਪੀ ਐਫਟੀਐਫ ਅਤੇ ਗੁਲਾਵਠੀ ਪੁਲਿਸ ਦੀ ਸਾਂਝੀ ਕਾਰਵਾਈ ਵਿਚ 1.25 ਲੱਖ ਦਾ ਇਨਾਮੀ ਅਪਰਾਧੀ ਸਾਹਿਬ ਸਿੰਘ ਮਾਰਿਆ ਗਿਆ। ਸਾਹਿਬ ਸਿੰਘ ‘ਤੇ ਗੋਂਡਾ ਪੁਲਿਸ ਨੇ ਇੱਕ ਲੱਖ ਅਤੇ ਬੁਲੰਦਸ਼ਹਿਰ ਪੁਲਿਸ ਨੇ 25 ਹਜ਼ਾਰ ਦੇ ਇਨਾਮ ਦਾ ਐਲਾਨ ਕੀਤਾ ਸੀ। ਸਾਹਿਬ ਸਿੰਘ ‘ਤੇ ਦੋ ਨਵਜੰਮੇ ਬੱਚਿਆਂ ਸਮੇਤ ਪੰਜ ਲੋਕਾਂ ਦੀ ਹੱਤਿਆ ਦਾ ਦੋਸ਼ ਵੀ ਸੀ। ਮਾਰਿਆ ਗਿਆ ਬਦਮਾਸ਼ ਫ਼ਿਰੋਜ਼ਾਬਾਦ ਦੇ ਜਸਰਾਣਾ ਥਾਣਾ ਅਧੀਨ ਪੈਂਦੇ ਪਿੰਡ ਸਜੇਤੀ ਦਾ ਰਹਿਣ ਵਾਲਾ ਸੀ। 18 ਅਗਸਤ 2022 ਨੂੰ ਸਾਹਿਬ ਸਿੰਘ ਨੇ ਆਪਣੇ ਗਰੋਹ ਨਾਲ ਮਿਲ ਕੇ ਗੋਂਡਾ ਜ਼ਿਲ੍ਹੇ ਦੇ ਕੋਤਵਾਲੀ ਨਗਰ ਥਾਣਾ ਖੇਤਰ ਵਿੱਚ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਸੀ। ਇਸ ਦੌਰਾਨ ਉਸ ਨੇ ਇਕੋ ਪਰਿਵਾਰ ਦੇ ਪੰਜ ਲੋਕਾਂ ਦੀ ਜਾਨ ਲੈ ਲਈ, ਜਦੋਂ ਕਿ ਅੱਠ ਲੋਕ ਜ਼ਖ਼ਮੀ ਹੋ ਗਏ। ਜਿਸ ਤੋਂ ਬਾਅਦ ਗੋਂਡਾ ਪੁਲਿਸ ਨੇ ਉਸ ‘ਤੇ ਇਕ ਲੱਖ ਦਾ ਇਨਾਮ ਐਲਾਨ ਕੀਤਾ ਸੀ। ਪੁਲਿਸ ਮੁਤਾਬਕ STF ਯੂਨਿਟ ਨੋਇਡਾ ਅਤੇ ਬੁਲੰਦਸ਼ਹਿਰ ਪੁਲਿਸ ਦੀ ਸਾਂਝੀ ਕਾਰਵਾਈ ਵਿੱਚ ਬੁਲੰਦਸ਼ਹਿਰ ਦੇ ਗੁਲਾਵਠੀ ਥਾਣਾ ਖੇਤਰ ਵਿਚ ਐਤਵਾਰ ਦੇਰ ਰਾਤ ਇੱਕ ਬਦਮਾਸ਼ ਨੂੰ ਗੋਲੀ ਮਾਰ ਦਿੱਤੀ ਗਈ। ਜਿਸ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਮ੍ਰਿਤਕ ਬਦਮਾਸ਼ ਦੀ ਪਛਾਣ ਸਾਹਿਬ ਸਿੰਘ ਉਰਫ ਸੁਨੀਲ ਸਿੰਘ ਵਜੋਂ ਹੋਈ ਹੈ।