ਗੈਂਗਸਟਰ-ਅੱਤਵਾਦੀ ਗਠਜੋੜ ‘ਤੇ NIA ਦਾ ਐਕਸ਼ਨ, ਪੰਜਾਬ, ਹਰਿਆਣਾ, ਦਿੱਲੀ ਸਣੇ 70 ਥਾਵਾਂ ‘ਤੇ ਛਾਪੇਮਾਰੀ

ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਮੰਗਲਵਾਰ ਸਵੇਰੇ ਦੇਸ਼ ਦੇ 8 ਸੂਬਿਆਂ ‘ਚ 70 ਥਾਵਾਂ ‘ਤੇ ਛਾਪੇਮਾਰੀ ਕੀਤੀ ਹੈ। ਇਹ ਕਾਰਵਾਈ ਗੈਂਗਸਟਰ ਅਤੇ ਉਸ ਦੇ ਨਜ਼ਦੀਕੀਆਂ ਦੇ ਟਿਕਾਣੇ ‘ਤੇ ਹੋਈ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਛਾਪੇਮਾਰੀ ਸਾਰੇ ਰਾਜਾਂ ਵਿੱਚ ਫੈਲੇ ਗੈਂਗਸਟਰ ਅਤੇ ਉਸਦੇ ਸਿੰਡੀਕੇਟ ਨੂੰ ਲੈ ਕੇ ਕੀਤੀ ਜਾ ਰਹੀ ਹੈ। NIA ਨੇ ਕਈ ਗੈਂਗਸਟਰਾਂ ਕੋਲੋਂ ਹਥਿਆਰ ਵੀ ਬਰਾਮਦ ਕੀਤੇ ਹਨ। ਜਾਣਕਾਰੀ ਅਨੁਸਾਰ ਗੁਰੂਗ੍ਰਾਮ, ਨਾਰਨੌਲ, ਸਿਰਸਾ-ਸੋਨੀਪਤ ਪਹੁੰਚੀਆਂ ਟੀਮਾਂ, ਗੈਂਗਸਟਰ ਲਾਰੈਂਸ ਅਤੇ ਨੀਰਜ ਬਵਾਨਾ ਦੇ ਅਸਲਾ ਸਪਲਾਈ ਨੈੱਟਵਰਕ ਦੀ ਤਲਾਸ਼ੀ ਲਈ ਇਹ ਛਾਪੇਮਾਰੀ ਕੀਤੀ ਜਾ ਰਹੀ ਹੈ। ਇਹ ਰੇਡ ਗੈਂਗਸਟਰ ਲਾਰੈਂਸ ਅਤੇ ਨੀਰਜ ਬਵਾਨਾ ਤੋਂ ਪੁੱਛਗਿੱਛ ਤੋਂ ਬਾਅਦ ਹੋ ਰਹੀ ਹੈ। ਗੈਂਗਸਟਰ ਤੋਂ ਪੁੱਛਗਿੱਛ ‘ਚ ਅਸਲਾ ਸਪਲਾਇਰ ਗੈਂਗ ਅਤੇ ਟੈਰਰ ਫੰਡਿੰਗ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਤੋਂ ਇਲਾਵਾ ਪੰਜਾਬ ‘ਚ ਸਰਗਰਮ ਵੱਖ-ਵੱਖ ਗਰੋਹਾਂ ਦੇ ਸਰਪ੍ਰਸਤਾਂ ਉਤੇ NIA ਵੱਲੋਂ ਛਾਪੇਮਾਰੀ ਕੀਤੀ ਜਾ ਰਹੀ ਹੈ। NIA ਵੱਲੋਂ ਅੱਜ ਦੀ ਛਾਪੇਮਾਰੀ ਦਾ ਮਕਸਦ ਇਹ ਪਤਾ ਲਗਾਉਣਾ ਹੈ ਕਿ ਗੈਂਗਸਟਰਾਂ ਨੂੰ ਹਥਿਆਰਾਂ ਦੀ ਸਪਲਾਈ ਕਿੱਥੋਂ ਹੋ ਰਹੀ ਹੈ। ਪੰਜਾਬ ‘ਤੋਂ ਇਲਾਵਾ ਦਿੱਲੀ, ਉੱਤਰ ਪ੍ਰਦੇਸ਼, ਹਰਿਆਣਾ ਅਤੇ ਰਾਜਸਥਾਨ ਦੇ ਵੱਖ-ਵੱਖ ਜ਼ਿਲ੍ਹਿਆਂ ਵਿਚ ਛਾਪੇਮਾਰੀ ਜਾਰੀ ਹੈ। ਦੱਸ ਦੇਈਏ ਕਿ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਮਾਮਲੇ ਵਿੱਚ ਸ਼ਾਮਲ ਲਾਰੈਂਸ ਬਿਸ਼ਨੋਈ ਲੰਬੇ ਸਮੇਂ ਤੋਂ ਜੇਲ੍ਹ ਵਿੱਚ ਬੰਦ ਹੈ। ਪਿਛਲੇ ਕਈ ਮਹੀਨਿਆਂ ਤੋਂ ਉਹ ਵੱਖ-ਵੱਖ ਰਾਜਾਂ ਦੀ ਪੁਲਿਸ ਕੋਲ ਪ੍ਰੋਡਕਸ਼ਨ ਵਾਰੰਟ ‘ਤੇ ਚੱਲ ਰਿਹਾ ਹੈ। ਕੁਝ ਦਿਨ ਪਹਿਲਾਂ ਪੰਜਾਬ ਪੁਲਿਸ ਦੀ NIA ਟੀਮ ਵੱਲੋਂ ਉਸ ਤੋਂ ਪ੍ਰੋਡਕਸ਼ਨ ਵਾਰੰਟ ‘ਤੇ ਪੁੱਛਗਿੱਛ ਕੀਤੀ ਗਈ ਸੀ।ਇਸ ਤੋਂ ਬਾਅਦ ਦਿੱਲੀ-ਐਨਸੀਆਰ ਦੇ ਬਦਨਾਮ ਅਪਰਾਧੀ ਨੀਰਜ ਬਵਾਨਾ ਤੋਂ ਵੀ ਪੁੱਛਗਿੱਛ ਕੀਤੀ ਗਈ। ਦੋਵਾਂ ਤੋਂ ਪੁੱਛਗਿੱਛ ਤੋਂ ਬਾਅਦ ਹੀ NIA ਦੀਆਂ ਟੀਮਾਂ ਨੇ ਮੰਗਲਵਾਰ ਸਵੇਰੇ ਵੱਖ-ਵੱਖ ਥਾਵਾਂ ‘ਤੇ ਛਾਪੇਮਾਰੀ ਕੀਤੀ। ਗੈਂਗਸਟਰ-ਅੱਤਵਾਦੀ ਗਠਜੋੜ ਨੂੰ ਤੋੜਨ ਲਈ ਪਿਛਲੇ 6 ਮਹੀਨਿਆਂ ਵਿੱਚ ਨੈਸ਼ਨਲ ਇਨਵੈਸਟੀਗੇਸ਼ਨ ਏਜੰਸੀ (NIA) ਨੇ ਲਾਰੈਂਸ, ਨੀਰਜ ਬਵਾਨਾ, ਬੰਬੀਹਾ ਗਰੁੱਪ ਸਮੇਤ ਉੱਤਰੀ ਭਾਰਤ ਵਿੱਚ ਸਰਗਰਮ ਸਾਰੇ ਗੈਂਗਸਟਰਾਂ ਦੇ ਟਿਕਾਣਿਆਂ ‘ਤੇ ਕਈ ਵਾਰ ਕਾਰਵਾਈ ਕੀਤੀ ਹੈ। ਸਤੰਬਰ 2022 ਤੋਂ ਸ਼ੁਰੂ ਹੋਈ ਇਹ ਕਾਰਵਾਈ ਅਜੇ ਵੀ ਜਾਰੀ ਹੈ।

Leave a Reply

Your email address will not be published. Required fields are marked *