ਪੱਛਮੀ ਬੰਗਾਲ ਦੇ ਨਦੀਆ ਜ਼ਿਲ੍ਹੇ ਵਿੱਚ ਬੰਗਲਾਦੇਸ਼ ਦੀ ਸਰਹੱਦ ਦੇ ਨੇੜੇ ਇੱਕ ਕੈਂਪ ਵਿੱਚ ਸੀਮਾ ਸੁਰੱਖਿਆ ਬਲ (ਬੀ.ਐਸ.ਐਫ਼.) ਦੇ ਇੰਸਪੈਕਟਰ ਨੂੰ ਬੀ.ਐਸ.ਐਫ਼. ਦੀ ਹੀ ਇੱਕ ਮਹਿਲਾ ਕਾਂਸਟੇਬਲ ਨਾਲ ਕਥਿਤ ਤੌਰ ‘ਤੇ ਬਲਾਤਕਾਰ ਕਰਨ ਦੇ ਦੋਸ਼ ਹੇਠ ਮੁਅੱਤਲ ਕਰ ਦਿੱਤਾ ਗਿਆ ਹੈ। ਅਧਿਕਾਰੀਆਂ ਨੇ ਦੱਸਿਆ ਕਿ ਕਥਿਤ ਘਟਨਾ 18 ਅਤੇ 19 ਫਰਵਰੀ ਦੀ ਦਰਮਿਆਨੀ ਰਾਤ ਨੂੰ ਵਾਪਰੀ। ਬੀ.ਐਸ.ਐਫ਼. ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਘਟਨਾ ਦੀ ਉੱਚ-ਪੱਧਰੀ ਕਮੇਟੀ ਵੱਲੋਂ ਜਾਂਚ ਕੀਤੀ ਜਾ ਰਹੀ ਹੈ। ਦੱਖਣੀ ਬੰਗਾਲ ਫ਼ਰੰਟੀਅਰ ਹੈੱਡਕੁਆਰਟਰ ਕੋਲਕਾਤਾ ਦੇ ਇੱਕ ਸੀਨੀਅਰ ਬੀ.ਐਸ.ਐਫ਼. ਅਧਿਕਾਰੀ ਨੇ ਨਾਂਅ ਗੁਪਤ ਰੱਖਣ ਦੀ ਸ਼ਰਤ ‘ਤੇ ਕਿਹਾ, “ਅਸੀਂ ਔਰਤ ਨੂੰ ਪੁਲਿਸ ਸ਼ਿਕਾਇਤ ਦਰਜ ਕਰਵਾਉਣ ਲਈ ਕਿਹਾ। ਇੰਸਪੈਕਟਰ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ, ਅਤੇ ਇੱਕ ਉੱਚ-ਪੱਧਰੀ ਕਮੇਟੀ ਮਾਮਲੇ ਦੀ ਜਾਂਚ ਕਰ ਰਹੀ ਹੈ।” ਕੋਲਕਾਤਾ ਪੁਲਿਸ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਬਲਾਤਕਾਰ ਪੀੜਤ ਨੂੰ ਸ਼ੁਰੂ ਵਿੱਚ ਨਦੀਆ ਦੇ ਇੱਕ ਸਿਹਤ ਕੇਂਦਰ ਵਿੱਚ ਲਿਜਾਇਆ ਗਿਆ ਅਤੇ ਉੱਥੋਂ ਸੋਮਵਾਰ ਨੂੰ ਕੋਲਕਾਤਾ ਦੇ ਇੱਕ ਸਰਕਾਰੀ ਹਸਪਤਾਲ ਵਿੱਚ ਭੇਜ ਦਿੱਤਾ ਗਿਆ। ਇੱਕ ਅਧਿਕਾਰੀ ਨੇ ਕਿਹਾ, “ਉਸ ਦਾ ਇਲਾਜ ਚੱਲ ਰਿਹਾ ਹੈ। ਡਾਕਟਰਾਂ ਦੇ ਦੱਸਣ ਅਨੁਸਾਰ ਉਸ ਦੀ ਹਾਲਤ ਸਥਿਰ ਹੈ।” ਇੱਕ ਪੁਲਿਸ ਅਧਿਕਾਰੀ ਅਨੁਸਾਰ, ਮਹਿਲਾ ਦੀ ਸ਼ਿਕਾਇਤ ਭਵਾਨੀਪੁਰ ਪੁਲਿਸ ਸਟੇਸ਼ਨ ਦੇ ਅਧਿਕਾਰੀਆਂ ਦੁਆਰਾ ਦਰਜ ਕੀਤੀ ਗਈ ਹੈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।