ਭੂਚਾਲ ਪ੍ਰਭਾਵਿਤ ਤੁਰਕੀ ‘ਚ ਆਪਰੇਸ਼ਨ ਦੋਸਤ ਦੀ ਸ਼ਲਾਘਾ ਹੋ ਰਹੀ ਹੈ। ਜਿਸ ਤਰ੍ਹਾਂ ਭਾਰਤੀ ਫੌਜ ਨੇ ਤੁਰਕੀ ‘ਚ ਤੇਜ਼ੀ ਨਾਲ ਮਦਦ ਪਹੁੰਚਾਈ ਹੈ, ਉਸ ਦਾ ਹਰ ਕੋਈ ਪ੍ਰਸ਼ੰਸਕ ਹੋ ਗਿਆ ਹੈ। ਥਲ ਸੈਨਾ ਮੁਖੀ ਜਨਰਲ ਮਨੋਜ ਪਾਂਡੇ ਦੇ ਅਨੁਸਾਰ, ਭਾਰਤੀ ਫੌਜ ਨੇ ਤੁਰਕੀ ਵਿੱਚ ਲਗਭਗ 3600 ਮਰੀਜ਼ਾਂ ਦਾ ਇਲਾਜ ਕੀਤਾ। ਉਨ੍ਹਾਂ ਦੱਸਿਆ ਕਿ ਤੁਰਕੀ ਦੇ ਨਾਗਰਿਕ ਇਸ ਲਈ ਸੰਦੇਸ਼ ਭੇਜ ਕੇ ਧੰਨਵਾਦ ਪ੍ਰਗਟ ਕਰ ਰਹੇ ਹਨ। ਤੁਰਕੀ ਦੇ ਮਰੀਜ਼ਾਂ ਦਾ ਕਹਿਣਾ ਹੈ ਕਿ ਭਾਰਤੀ ਫੌਜ ਨੇ ਅਜਿਹੇ ਸਮੇਂ ‘ਚ ਉਨ੍ਹਾਂ ਦੀ ਮਦਦ ਕੀਤੀ ਜਦੋਂ ਉਨ੍ਹਾਂ ਨੂੰ ਅਸਲ ‘ਚ ਇਸ ਦੀ ਲੋੜ ਸੀ। ਭਾਰਤੀ ਫੌਜ ਮੁਖੀ ਮਨੋਜ ਪਾਂਡੇ ਨੇ ਦੱਸਿਆ ਕਿ ਹਸਪਤਾਲ ਨੂੰ ਤੁਰਕੀ ਵਿੱਚ ਸਿਰਫ ਛੇ ਘੰਟਿਆਂ ਤੋਂ ਵੀ ਥੋੜ੍ਹੇ ਸਮੇਂ ਵਿੱਚ ਤਿਆਰ ਕੀਤਾ ਗਿਆ ਸੀ। ਕਾਹਲੀ ਵਿੱਚ 30 ਬਿਸਤਰਿਆਂ ਦਾ ਹਸਪਤਾਲ ਬਣਾਇਆ ਗਿਆ। ਉਨ੍ਹਾਂ ਦੱਸਿਆ ਕਿ ਇਹ ਫੈਸਲਾ ਘੱਟ ਸਮੇਂ ਦੇ ਅੰਦਰ ਹੀ ਲਿਆ ਗਿਆ ਹੈ। ਇਹ ਫੀਲਡ ਹਸਪਤਾਲ 14 ਦਿਨ ਚੱਲਦਾ ਰਿਹਾ। ਇਸ ਵਿੱਚ ਮਾਹਰ ਡਾਕਟਰ ਤਾਇਨਾਤ ਕੀਤੇ ਗਏ ਸਨ। ਥਲ ਸੈਨਾ ਮੁਖੀ ਨੇ ਭਾਰਤੀ ਫੌਜ ਦੀ ਮੈਡੀਕਲ ਟੀਮ 60 ਪੈਰਾ ਫੀਲਡ ਨੂੰ ਸਨਮਾਨਿਤ ਕੀਤਾ। ਟੀਮ ਤੁਰਕੀ ਵਿੱਚ ਸਹਾਇਤਾ ਦੇਣ ਤੋਂ ਬਾਅਦ ਘਰ ਪਰਤ ਗਈ ਹੈ। ਜ਼ਿਕਰਯੋਗ ਹੈ ਕਿ ਤੁਰਕੀ ਵਿੱਚ ਆਏ ਭਿਆਨਕ ਭੂਚਾਲ ਤੋਂ ਬਾਅਦ ਹਜ਼ਾਰਾਂ ਲੋਕਾਂ ਦੀ ਜਾਨ ਚਲੀ ਗਈ ਸੀ। ਇਸ ਤੋਂ ਬਾਅਦ ਭਾਰਤ ਨੇ ਤੁਰੰਤ ਉਨ੍ਹਾਂ ਲਈ ਮਦਦ ਮੁਹੱਈਆ ਕਰਵਾਈ ਸੀ। ਇਸ ਲਈ ਵੱਖ-ਵੱਖ ਟੀਮਾਂ ਭੇਜੀਆਂ ਗਈਆਂ ਸਨ। ਇਸ ਵਿੱਚ NDRF ਜਵਾਨਾਂ ਦੀ ਇੱਕ ਟੀਮ ਵੀ ਬਚਾਅ ਕਾਰਜ ਲਈ ਤੁਰਕੀ ਗਈ ਸੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੋਮਵਾਰ ਨੂੰ ਤੁਰਕੀ ਤੋਂ ਪਰਤੇ NDRF ਦੇ ਜਵਾਨਾਂ ਨਾਲ ਮੁਲਾਕਾਤ ਕੀਤੀ ਅਤੇ ਉਨ੍ਹਾਂ ਦੀ ਤਾਰੀਫ ਕੀਤੀ।