ਕੁਰੂਕਸ਼ੇਤਰ ਰੋਡ ‘ਤੇ ਨਵੀਂ ਅਨਾਜ ਮੰਡੀ ਅੰਬਰਸਰੀ ਫਾਰਮ ਨੇੜੇ ਕੁੱਝ ਲੋਕਾਂ ਨੇ ਰੋਡ ‘ਤੇ ਕੰਧ ਬਣਾ ਕੇ ਸਟੇਟ ਹਾਈਵੇ ਨੰਬਰ 6 ਨੂੰ ਬੰਦ ਕਰ ਦਿੱਤਾ। ਇਸ ਪਿੱਛੇ ਉਹਨਾਂ ਦਾ ਤਰਕ ਸੀ ਕਿ ਉਹਨਾਂ ਦੀ ਜ਼ਮੀਨ ’ਤੇ ਸਟੇਟ ਹਾਈਵੇ ਬਣਾਇਆ ਗਿਆ ਸੀ ਪਰ ਉਹਨਾਂ ਨੂੰ ਮੁਆਵਜ਼ਾ ਨਹੀਂ ਮਿਲਿਆ। ਹੁਣ ਅਦਾਲਤ ਦਾ ਫੈਸਲਾ ਉਹਨਾਂ ਦੇ ਹੱਕ ਵਿੱਚ ਆਇਆ ਹੈ। ਇਸ ਲਈ ਉਹ ਆਪਣੀ ਜ਼ਮੀਨ ‘ਤੇ ਕਬਜ਼ਾ ਕਰ ਰਹੇ ਹਨ। ਕੰਧ ਦੇ ਨਿਰਮਾਣ ਕਾਰਨ ਕੁਰੂਕਸ਼ੇਤਰ ਸੜਕ ਦੇ ਦੋਵੇਂ ਪਾਸੇ ਜਾਮ ਲੱਗ ਗਿਆ। ਸੂਚਨਾ ਮਿਲਦੇ ਹੀ ਟ੍ਰੈਫਿਕ ਇੰਚਾਰਜ ਕ੍ਰਿਸ਼ਨ ਕੁਮਾਰ ਮੌਕੇ ‘ਤੇ ਪਹੁੰਚੇ, ਜਿਨ੍ਹਾਂ ਨੇ ਬਾਈਪਾਸ ਤੋਂ ਆਵਾਜਾਈ ਨੂੰ ਮੋੜਵਾਇਆ ਅਤੇ ਅਧਿਕਾਰੀਆਂ ਨੂੰ ਸੂਚਿਤ ਕੀਤਾ ਤਾਂ ਐੱਸ.ਡੀ.ਐੱਮ ਸੋਨੂੰ ਰਾਮ ਅਤੇ ਐਸਐਚਓ ਸਿਟੀ ਪ੍ਰਦੀਪ ਕੁਮਾਰ ਮੌਕੇ ’ਤੇ ਪੁੱਜੇ। ਇਸ ਤੋਂ ਬਾਅਦ ਆਪਸੀ ਗੱਲਬਾਤ ਰਾਹੀਂ ਮਸਲਾ ਹੱਲ ਹੋਣ ਤੱਕ ਸੜਕ ਤੋਂ ਕੰਧ ਹਟਾ ਕੇ ਕਰੀਬ ਦੋ ਘੰਟੇ ਮਗਰੋਂ ਆਵਾਜਾਈ ਚਾਲੂ ਕਰਵਾਈ ਗਈ। ਪੀ.ਡਬਲਿਊ.ਡੀ ਕੇਜੇਈ ਲਖਬੀਰ ਸਿੰਘ ਨੇ ਦੱਸਿਆ ਕਿ ਵਿਭਾਗ ਵੱਲੋਂ ਕਰੀਬ 5.5 ਲੱਖ ਰੁਪਏ ਦੀ ਰਾਸ਼ੀ ਮੁਆਵਜ਼ੇ ਵਜੋਂ ਦਿੱਤੀ ਗਈ ਹੈ ਪਰ ਪਾਰਟੀਆਂ ਇਸ ‘ਤੇ ਸਹਿਮਤ ਨਹੀਂ ਹਨ। ਸਾਰਾ ਮਾਮਲਾ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿੱਚ ਹੈ।