ਤਜ਼ਾਕਿਸਤਾਨ ਵਿੱਚ ਵੀਰਵਾਰ ਸਵੇਰੇ ਭੂਚਾਲ ਦੇ ਤੇਜ਼ ਝਟਕੇ ਮਹਿਸੂਸ ਕੀਤੇ ਗਏ। ਸੰਯੁਕਤ ਰਾਜ ਭੂ-ਵਿਗਿਆਨਿਕ ਸਰਵੇਖਣ ਨੇ ਦੱਸਿਆ ਕਿ ਤਜ਼ਾਕਿਸਤਾਨ ਵਿੱਚ ਵੀਰਵਾਰ ਸਵੇਰੇ 5.37 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਰਿਕਟਰ ਪੈਮਾਨੇ ‘ਤੇ ਭੂਚਾਲ ਦੀ ਤੀਬਰਤਾ 6.8 ਰਹੀ। ਤੁਰਕੀ ਦੇ ਬਾਅਦ ਇਹ ਕਿਸੇ ਦੇਸ਼ ਵਿੱਚ ਸਭ ਤੋਂ ਵਾਅਦਾ ਭੂਚਾਲ ਹੈ, ਜਿਸਦੇ ਝਟਕੇ ਚੀਨ ਤੱਕ ਮਹਿਸੂਸ ਕੀਤੇ ਗਏ। ਚੀਨ ਦੇ ਭੂਚਾਲ ਨੈੱਟਵਰਕ ਸੈਂਟਰ ਦੇ ਮੁਤਾਬਕ ਇਸਦੀ ਤੀਬਰਤਾ 7.2 ਸੀ ਤੇ ਇਹ ਜ਼ਮੀਨ ਤੋਂ 10 ਕਿਮੀ. ਨੀਚੇ ਸੀ। ਭੂਚਾਲ ਦਾ ਕੇਂਦਰ ਚੀਨ ਦੇ ਸ਼ਿਨਜਿਆਂਗ ਸੂਬੇ ਦੇ ਨੇੜੇ ਸੀ, ਜਿਸਦੇ ਚੱਲਦਿਆਂ ਉੱਥੇ ਵੀ ਤੇਜ਼ ਝਟਕੇ ਮਹਿਸੂਸ ਕੀਤੇ ਗਏ। US ਜਿਓਲਾਜਿਕਲ ਸਰਵੇ ਦਾ ਕਹਿਣਾ ਹੈ ਕਿ ਪੂਰਬੀ ਤਜ਼ਾਕਿਸਤਾਨ ਵਿੱਚ 6.8 ਤੀਬਰਤਾ ਦਾ ਭੂਚਾਲ ਆਇਆ ਹੈ। USGS ਦਾ ਅਨੁਮਾਨ ਹੈ ਕਿ ਭੂਚਾਲ ਕਾਰਨ ਜ਼ਮੀਨ ਵੀ ਖਿਸਕੀ ਹੈ। ਹਾਲਾਂਕਿ ਇਸ ਲੈਂਡਸਲਾਈਡ ਕਾਰਨ ਕਿਸੇ ਵੀ ਤਰ੍ਹਾਂ ਦੇ ਜਾਨੀ ਨੁਕਸਾਨ ਹੋਣ ਦੀ ਜਾਣਕਾਰੀ ਨਹੀਂ ਹੈ। ਉੱਥੇ ਹੀ ਚੀਨ ਦੇ ਸ਼ਿਨਜਿਆਂਗ ਖੇਤਰ ਤੇ ਤਜ਼ਾਕਿਸਤਾਨ ਦੀ ਸਰਹੱਦ ਦੇ ਨੇੜੇ ਲਗਭਗ 7.3 ਦੀ ਤੀਬਰਤਾ ਦਾ ਭੂਚਾਲ ਮਹਿਸੂਸ ਹੋਇਆ ਹੈ। ਦੱਸ ਦੇਈਏ ਕਿ ਹਾਲ ਹੀ ਵਿੱਚ ਤੁਰਕੀ ਤੇ ਸੀਰੀਆ ਵਿੱਚ ਵੀ ਭਿਆਨਕ ਭੂਚਾਲ ਆਇਆ ਸੀ। ਇਸ ਭੂਚਾਲ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਇਮਾਰਤਾਂ ਢਹਿ-ਢੇਰੀ ਹੋ ਗਈਆਂ ਸਨ ਤੇ ਇਸਦੇ ਮਲਬੇ ਵਿੱਚ ਫਸ ਕੇ 40 ਹਜ਼ਾਰ ਤੋਂ ਵੱਧ ਲੋਕਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ, ਜਦਕਿ ਕਈ ਹਜ਼ਾਰ ਲੋਕ ਜ਼ਖਮੀ ਹੋਏ ਹਨ ਤੇ ਉਨ੍ਹਾਂ ਦਾ ਇਲਾਜ ਚੱਲ ਰਿਹਾ ਹੈ। ਭੂਚਾਲ ਕਾਰਨ ਮਰਨ ਵਾਲਿਆਂ ਦੀ ਗਿਣਤੀ ਵਿੱਚ ਲਗਾਤਾਰ ਵਾਧਾ ਦੇਖਣ ਨੂੰ ਮਿਲ ਰਿਹਾ ਹੈ।