ਬੀਤੇ ਦਿਨ ਅਜਨਾਲਾ ਵਿਚ ਵਾਪਰੀ ਘਟਨਾ ਨੂੰ ਲੈ ਕੇ ਸਤਿਕਾਰ ਕਮੇਟੀ ਦੇ ਮੁਖੀ ਸੁਖਜੀਤ ਸਿੰਘ ਖੋਸਾ ਨੇ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਹੈ। ਉਨ੍ਹਾਂ ਕਿਹਾ ਇਹ ਉਨ੍ਹਾਂ ਦੀ ਨਿੱਜੀ ਲੜਾਈ ਹੈ ਅਤੇ ਇਸ ਵਿੱਚ ਗੁਰੂ ਗ੍ਰੰਥ ਸਾਹਿਬ ਨੂੰ ਢਾਲ ਨਾ ਬਣਾਓ। ਉਨ੍ਹਾਂ ਕਿਹਾ ਕਿ ਅੰਮ੍ਰਿਤਪਾਲ ਸਿੰਘ ਨੇ ਬਲੰਡਰ ਕੀਤਾ ਹੈ। ਸੁਖਜੀਤ ਸਿੰਘ ਖੋਸਾ ਨੇ ਕਿਹਾ ਕਿ ਇਹ ਅੰਮ੍ਰਿਤਪਾਲ ਸਿੰਘ ਦੀ ਨਿੱਜੀ ਲੜਾਈ ਹੈ। ਉਨ੍ਹਾਂ ਕਿਹਾ ਕਿ ਅਸੀ ਦੇਸ਼ ਵਿਰੋਧੀ ਤਾਕਤਾਂ ਨੂੰ ਮੌਕਾ ਨਾ ਦਈਏ ਕਿ ਕਿਤੇ ਮੁੜ ਪੰਜਾਬ ਦੀ ਸ਼ਾਂਤੀ ਭੰਗ ਹੋ ਜਾਵੇ। ਉਨ੍ਹਾਂ ਅਕਾਲ ਤਖਤ ਸਾਹਿਬ ਜਥੇਦਾਰ ਨੂੰ ਇਸ ਮਾਮਲੇ ਵਿੱਚ ਦਖਲ ਦੇਣ ਦੀ ਅਪੀਲ ਕੀਤੀ। ਦਸ ਦਈਏ ਕਿ ‘ਵਾਰਿਸ ਪੰਜਾਬ ਦੇ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਕਰੀਬੀ ਲਵਪ੍ਰੀਤ ਤੂਫਾਨ ਦੀ ਗ੍ਰਿਫਤਾਰੀ ਤੋਂ ਬਾਅਦ ਵੀਰਵਾਰ ਨੂੰ ਅੰਮ੍ਰਿਤਸਰ ਦੇ ਅਜਨਾਲਾ ਥਾਣੇ ਦੇ ਬਾਹਰ ਅੰਮ੍ਰਿਤਪਾਲ ਸਿੰਘ ਦੇ ਹਜ਼ਾਰਾਂ ਸਮਰਥਕ ਪਹੁੰਚ ਗਏ। ਸਿੰਘ ਖਿਲਾਫ ਪੁਲਸ ਕੇਸ ਦਰਜ ਹੋਣ ਤੋਂ ਬਾਅਦ ਇਸ ਭੀੜ ਨੇ ਥਾਣੇ ਅੱਗੇ ਕਾਫੀ ਹੰਗਾਮਾ ਕਰ ਦਿੱਤਾ ਸੀ। ਇਸ ਦੀ ਵਿਰੋਧੀ ਪਾਰਟੀਆਂ ਵੱਲੋਂ ਵੀ ਨਿਖੇਧੀ ਕੀਤੀ ਜਾ ਰਹੀ ਹੈ। ਅਜਨਾਲਾ ਮਾਮਲੇ ‘ਤੇ ਕੈਬਨਿਟ ਮੰਤਰੀ ਕੁਲਦੀਪ ਧਾਲੀਵਾਲ ਦਾ ਬਿਆਨ ਸਾਹਮਣੇ ਆਇਆ ਹੈ। ਉਨ੍ਹਾਂ ਕਿਹਾ ਕਿ ਪੰਜਾਬ ਵਿੱਚ ਕਾਨੂੰਨ ਵਿਵਸਥਾ ਨੂੰ ਵਿਗੜਨ ਨਹੀਂ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਕੁਝ ਤਾਕਤਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਹਨ, ਇਨ੍ਹਾਂ ਪਿੱਛੇ ਸਿਆਸੀ ਪਾਰਟੀਆਂ ਦਾ ਹੱਥ ਹੈ। ਅਸੀਂ ਪੰਜਾਬ ਵਿੱਚ ਵਿਕਾਸ ਦੇ ਕੰਮ ਕਰ ਰਹੇ ਹਾਂ।