ਅਜਨਾਲਾ ਘਟਨਾ ਨੇ ਪੰਜਾਬ ਵਿਚ ਕਾਲੇ ਦੌਰ ਦੀ ਯਾਦ ਦਿਵਾਈ: ਅਸ਼ਵਨੀ ਸ਼ਰਮਾ

ਅਜਨਾਲਾ ਵਿਚ ਵਾਪਰੀ ਘਟਨਾ ਨੂੰ ਲੈ ਕੇ ਪੰਜਾਬ ਭਾਜਪਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸਰਕਾਰ ਉਤੇ ਨਿਸ਼ਾਨਾ ਸਾਧਿਆ ਹੈ। ਪਾਰਟੀ ਦੇ ਪੰਜਾਬ ਪ੍ਰਧਾਨ ਨੇ ਕਿਹਾ ਹੈ ਕਿ ਇਸ ਘਟਨਾ ਨੇ ਮੁੜ ਤੋਂ ਕਾਲੇ ਦੌਰ ਦੀ ਯਾਦ ਦਿਵਾ ਦਿੱਤੀ ਹੈ। ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਨੂੰ ਜਾਗਣਾ ਚਾਹੀਦਾ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਤਿੱਖਾ ਸਵਾਲ ਕੀਤਾ ਹੈ ਕਿ ਅੰਮ੍ਰਿਤਪਾਲ ਸਿੰਘ ਖ਼ਿਲਾਫ਼ ਕਾਰਵਾਈ ਤੋਂ ਕਿਉਂ ਝਿਜਕ ਰਹੀ ਹੈ। ਉਨ੍ਹਾਂ ਨੇ ਇਨਵੈਸਟ ਪੰਜਾਬ ਨੂੰ ਲੈ ਕੇ ਵੀ ਸਵਾਲ ਚੱਕੇ ਹਨ। ਉਨ੍ਹਾਂ ਆਖਿਆ ਕਿ ਅਜਿਹੇ ਹਾਲਾਤਾਂ ਵਿੱਚ ਕੋਈ ਪੰਜਾਬ ਵਿੱਚ ਇਨਵੈਸਟ ਕਿਉਂ ਕਰੇਗਾ। ਉਧਰ,  ਪੰਜਾਬ ਦੇ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਕਿ ਅਜਨਾਲਾ ’ਚ ਵਾਪਰੀ ਘਟਨਾ ਨਾਲ ਅਮਨ ਤੇ ਕਾਨੂੰਨ ਦੀ ਸਥਿਤੀ ਨੂੰ ਢਾਹ ਲੱਗੀ ਹੈ ਜੋ ਬੇਹੱਦ ਗੰਭੀਰ ਮਾਮਲਾ ਹੈ। ਭਾਜਪਾ ਆਗੂ ਨੇ ਕਿਹਾ ਕਿ ਇਸ ਘਟਨਾ ਨੇ ਸੂਬੇ ਤੇ ਦੇਸ਼ ਦੀ ਸੁਰੱਖਿਆ ’ਤੇ ਸੁਆਲ ਖੜ੍ਹੇ ਕਰ ਦਿੱਤੇ ਹਨ। ਸੂਬਾ ਸਰਕਾਰ ਅਜਿਹੀ ਘਟਨਾ ਨੂੰ ਰੋਕਣ ’ਚ ਨਾਕਾਮ ਸਿੱਧ ਹੋਈ ਹੈ। ਉਨ੍ਹਾਂ ਪ੍ਰਦਰਸ਼ਨ ਵਾਲੀ ਥਾਂ ’ਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਰੱਖਣ ਪਿੱਛੇ ਦੀ ਮਨਸ਼ਾ ’ਤੇ ਵੀ ਸੁਆਲ ਚੁੱਕਿਆ। ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਵੀ ਘਟਨਾ ਦੀ ਨਿੰਦਾ ਕੀਤੀ। ਦੱਸ ਦਈਏ ਕਿ ਕੱਲ੍ਹ ‘ਵਾਰਿਸ ਪੰਜਾਬ ਦੇ’ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਦੇ ਹਥਿਆਰਬੰਦ ਸਮਰਥਕਾਂ ਦੀ ਅਜਨਾਲਾ ’ਚ ਪੁਲਿਸ ਨਾਲ ਝੜਪ ਹੋ ਗਈ। ਪ੍ਰਦਰਸ਼ਨਕਾਰੀ ਥਾਣੇ ਅੰਦਰ ਜਬਰੀ ਦਾਖ਼ਲ ਹੋ ਗਏ ਜਿਸ ਕਾਰਨ ਕਈ ਪੁਲਿਸ ਮੁਲਾਜ਼ਮ ਜ਼ਖ਼ਮੀ ਹੋ ਗਏ। ਖਾਲਿਸਤਾਨ ਪੱਖੀ ਨਾਅਰੇ ਲਗਾਉਂਦਿਆਂ ਸਮਰਥਕਾਂ ਨੇ ਮੰਗ ਕੀਤੀ ਕਿ ਲਵਪ੍ਰੀਤ ਸਿੰਘ ਉਰਫ਼ ਤੂਫਾਨ ਨੂੰ ਰਿਹਾਅ ਕੀਤਾ ਜਾਵੇ। ਉਨ੍ਹਾਂ ਚਿਤਾਵਨੀ ਦਿੱਤੀ ਕਿ ਜੇ ਉਸ ਨੂੰ ਰਿਹਾਅ ਨਾ ਕੀਤਾ ਗਿਆ ਤਾਂ ਉਹ ਧਰਨਾ ਦੇਣਗੇ। ਅਜਨਾਲਾ ਪੁਲਿਸ ਨੇ ਛੇ ਦਿਨ ਪਹਿਲਾਂ ਅੰਮ੍ਰਿਤਪਾਲ ਸਿੰਘ ਅਤੇ ਸਮਰਥਕਾਂ ਖ਼ਿਲਾਫ਼ ਚਮਕੌਰ ਸਾਹਿਬ ਦੇ ਵਸਨੀਕ ਵਰਿੰਦਰ ਸਿੰਘ ਨੂੰ ਅਗਵਾ ਕਰਕੇ ਉਸ ਨੂੰ ਕੁੱਟਣ ਦਾ ਕੇਸ ਦਰਜ ਕੀਤਾ ਸੀ।

Leave a Reply

Your email address will not be published. Required fields are marked *