ਪਾਕਿਸਤਾਨ ਦੀ ਖੁਫੀਆ ਏਜੰਸੀ ISI ਵੱਲੋਂ ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਨੂੰ ਫੰਡ ਮੁਹੱਈਆ ਕਰਵਾਉਣ ਲਈ ਸੋਸ਼ਲ ਮੀਡੀਆ ਉਤੇ ਵੱਡੀ ਮੁਹਿੰਮ ਚਲਾਈ ਜਾ ਰਹੀ ਹੈ। ਚੋਟੀ ਦੇ ਖੁਫੀਆ ਸੂਤਰਾਂ ਦਾ ਕਹਿਣਾ ਹੈ ਕਿ ਕੈਨੇਡਾ, ਬ੍ਰਿਟੇਨ ਅਤੇ ਹੋਰ ਕਈ ਦੇਸ਼ਾਂ ਵਿਚ ਫੇਸਬੁੱਕ, ਇੰਸਟਾਗ੍ਰਾਮ ਰਾਹੀਂ ਹਜ਼ਾਰਾਂ ਤਸਵੀਰਾਂ ਅਪਲੋਡ ਕੀਤੀਆਂ ਜਾ ਰਹੀਆਂ ਹਨ। ਪਾਕਿਸਤਾਨੀ ਏਜੰਸੀ ਇਨ੍ਹਾਂ ਤਸਵੀਰਾਂ ਵਿਚ ਭਾਰਤ ਵਿਚ ਸਿੱਖਾਂ ਉਤੇ ਕਥਿਤ ਜ਼ੁਲਮਾਂ ਦਾ ਝੂਠਾ ਪ੍ਰਚਾਰ ਕਰ ਰਹੀ ਹੈ। ਇਨ੍ਹਾਂ ਦੀ ਇਸ਼ਤਿਹਾਰਬਾਜ਼ੀ ਵੀ ਕੀਤੀ ਜਾਂਦੀ ਹੈ ਅਤੇ ਇਹ ਇਸ਼ਤਿਹਾਰ ਕੈਨੇਡਾ, ਯੂਕੇ ਅਤੇ ਜਰਮਨੀ ਵਿੱਚ ਦੇਖੇ ਜਾ ਸਕਦੇ ਹਨ। ਸੂਤਰਾਂ ਅਨੁਸਾਰ ਇਨ੍ਹਾਂ ਇਸ਼ਤਿਹਾਰਾਂ ਨੂੰ ਇਸ ਤਰ੍ਹਾਂ ਤਿਆਰ ਕੀਤਾ ਗਿਆ ਹੈ ਕਿ ਇਹ ਸਿਰਫ਼ 18 ਤੋਂ 25 ਸਾਲ ਦੀ ਉਮਰ ਦੇ ਨੌਜਵਾਨਾਂ ਦੇ ਖਾਤਿਆਂ ਵਿਚ ਜਾ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਸ਼ਤਿਹਾਰ ਸਿੱਖ ਨਾਵਾਂ ਅਤੇ ਉਪ ਨਾਂਵਾਂ ਜਿਵੇਂ ਸਿੰਘ, ਕੌਰ ਆਦਿ ਵੱਲ ਸੇਧਿਤ ਹਨ। ਇਨ੍ਹਾਂ ਇਸ਼ਤਿਹਾਰਾਂ ਦਾ ਭੁਗਤਾਨ ਕੀਤਾ ਜਾਂਦਾ ਹੈ ਅਤੇ ਲਗਭਗ ਇੱਕ ਸਾਲ ਤੱਕ ਚੱਲ ਸਕਦੇ ਹਨ। ਪਾਕਿਸਤਾਨ, ਖਾਲਿਸਤਾਨੀ ਅੰਮ੍ਰਿਤਪਾਲ ਸਿੰਘ ਨੂੰ ਅਸਿੱਧੇ ਤੌਰ ਉਤੇ ਫੰਡ ਮੁਹੱਈਆ ਕਰਵਾਉਣ ਲਈ ਪਹੁੰਚ ਕਰ ਰਿਹਾ ਹੈ। ਸੂਤਰਾਂ ਨੇ ਦੱਸਿਆ ਕਿ ਉਨ੍ਹਾਂ ਰਾਹੀਂ ਆਈਐਸਆਈ ਅਤੇ ਇਸ ਦੇ ਲੋਕ ਕਰੋੜਾਂ ਡਾਲਰ ਫੰਡਿੰਗ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਇਹ ਇਸ਼ਤਿਹਾਰ ਜਰਨੈਲ ਸਿੰਘ ਭਿੰਡਰਾਂਵਾਲੇ ਨੂੰ ਅੰਮ੍ਰਿਤਪਾਲ ਸਿੰਘ ਨਾਲ ਸਿੱਧਾ ਜੋੜ ਰਹੇ ਹਨ। ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਨੂੰ ਭਿੰਡਰਾਂਵਾਲਿਆਂ ਵਾਂਗ ਚੱਲ਼ਦੇ, ਗੱਲ ਕਰਦੇ ਪੇਸ਼ ਕੀਤਾ ਜਾਂਦਾ ਹੈ।