ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੇ DGP ਨੂੰ ਲਿਖੀ ਚਿੱਠੀ, ਅਜਨਾਲਾ ਥਾਣੇ ਵਿਚ ਹੋਏ ਹਮਲੇ ਦੀ ਜਾਂਚ ਦੀ ਕੀਤੀ ਮੰਗ

ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਡੀਜੀਪੀ ਗੌਰਵ ਯਾਦਵ ਨੂੰ ਚਿੱਠੀ ਲਿਖੀ ਹੈ ਤੇ ‘ਪੰਜਾਬ ਦੇ ਵਾਰਿਸ’ ਦੇ ਮੁਖੀ ਅੰਮ੍ਰਿਤਪਾਲ ਸਿੰਘ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਉਨ੍ਹਾਂ ਆਪਣੇ ਪੱਤਰ ਜ਼ਰੀਏ ਕਿਹਾ ਕਿ ਅੰਮ੍ਰਿਤਪਾਲ ਸਿੰਘ ਪੰਜਾਬ ਵਿਚ ਜ਼ਹਿਰ ਘੋਲ ਰਿਹਾ ਹੈ। ਪੰਜਾਬ ਦੀ ਸ਼ਾਂਤੀ ਤੇ ਭਾਈਚਾਰੇ ਨੂੰ ਭੰਗ ਕਰ ਰਿਹਾ ਹੈ। ਇਸ ਤੋਂ ਪਹਿਲਾਂ ਵੀ ਉਨ੍ਹਾਂ ਨੇ ਚਿੱਛੀ ਲਿਖ ਕੇ ਸਰਕਾਰ ਤੋਂ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖਣ ਦੀ ਅਪੀਲ ਕੀਤੀ ਸੀ ਪਰ ਸਰਕਾਰ ਨੇ ਨਾ ਤਾਂ ਕੋਈ ਕਾਰਵਾਈ ਕੀਤੀ ਤੇ ਨਾ ਹੀ ਅੰਮ੍ਰਿਤਪਾਲ ਦੀਆਂ ਗਤੀਵਿਧੀਆਂ ‘ਤੇ ਨਜ਼ਰ ਰੱਖੀ। ਕਾਂਗਰਸ ਪ੍ਰਧਾਨ ਨੇ ਕਿਹਾ ਕਿ ਅਜਨਾਲਾ ਵਿਚ ਜੋ ਕੁਝ ਹੋਇਆ ਉਸ ਬਾਰੇ ਨਾ ਤਾਂ ਕਿਸੇ ਨੇ ਸੋਚਿਆ ਸੀ ਤੇ ਨਾ ਹੀ ਇਸ ਤੋਂ ਪਹਿਲਾਂ ਅਜਿਹਾ ਕੁਝ ਸੁਣਿਆ ਸੀ। ਅੱਤਵਾਦ ਦੇ ਕਾਲੇ ਦਿਨਾਂ ਵਿਚ ਵੀ ਅਜਿਹੀ ਕੋਈ ਘਟਨਾ ਨਹੀਂ ਹੋਈ ਸੀ। ਉਨ੍ਹਾਂ ਕਿਹਾ ਕਿ ਹਾਲਾਂਕਿ ਪੰਜਾਬ ਨੇ ਆਪਣੇ ਇਤਿਹਾਸ ਵਿਚ ਅੱਤਵਾਦ ਦੇ ਬੁਰੇ ਦਿਨ ਦੇਖੇ ਹਨ ਪਰ ਕਿਸੇ ਵੀ ਘਟਨਾ ਨੇ ਪੁਲਿਸ ਨੂੰ ਝੁਕਣ ਲਈ ਮਜਬੂਰ ਨਹੀਂ ਕੀਤਾ ਸੀ। ਉਨ੍ਹਾਂ ਕਿਹਾ ਕਿ ਵੱਡੇ ਪੱਧਰ ‘ਤੇ ਹੋ ਰਹੀ ਪੰਜਾਬ ਵਿਰੋਧੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਕਾਂਗਰਸ ਪਹਿਲਾਂ ਹੀ ਬਲਿਦਾਨ ਦੇ ਚੁੱਕੀ ਹੈ ਤੇ ਉਹ ਪੰਜਾਬ ਲਈ ਹੁਣ ਵੀ ਆਪਣੀ ਜਾਨ ਦੇਣ ਨੂੰ ਤਿਆਰ ਹੈ ਪਰ ਇਸ ਦਾ ਮਤਲਬ ਇਹ ਨਹੀਂ ਕਿ ਉਹ ਸਰਕਾਰ ਨੂੰ ਪੰਜਾਬ ਦੇ ਲੋਕਾਂ ਪ੍ਰਤੀ ਉਸ ਦੇ ਫਰਜ਼ ਦੇ ਜ਼ਿੰਮੇਵਾਰੀ ਦੀ ਯਾਦ ਨਹੀਂ ਦਿਵਾਉਣਗੇ। ਕਾਂਗਰਸ ਪ੍ਰਧਾਨ ਵੜਿੰਗ ਨੇ ਕਿਹਾ ਕਿ ਅਜਨਾਲਾ ਘਟਨਾ ਨੇ ਨਾ ਸਿਰਫ ਪੰਜਾਬ ਪੁਲਿਸ ਦੇ ਆਤਮਵਿਸ਼ਵਾਸ ਤੇ ਹਿੰਮਤ ਨੂੰ ਹਿਲਾ ਕੇ ਰੱਖ ਦਿੱਤਾ ਹੈ ਸਗੋਂ ਪੰਜਾਬੀਆਂ ‘ਤੇ ਵੀ ਇਸ ਦਾ ਬਹੁਤ ਪ੍ਰਭਾਵ ਪਿਆ ਹੈ। ਲੋਕ ਸੋਚ ਰਹੇ ਹਨ ਕਿ ਜਦੋਂ ਸੂਬੇ ਦੀ ਪੁਲਿਸ ਹੀ ਸੁਰੱਖਿਅਤ ਨਹੀਂ ਹੋਵੇਗੀ ਤਾਂ ਆਮ ਲੋਕਾਂ ਦੀ ਸੁਰੱਖਿਆ ਕਿਵੇਂ ਕਰੇਗੀ। ਉਨ੍ਹਾਂ ਕਿਹਾ ਕਿ ਜਿਹੜੇ ਲੋਕਾਂ ਨੇ ਇਸ ਘਟਨਾ ਨੂੰ ਅੰਜਾਮ ਦਿੱਤਾ ਹੈ, ਉਹ ਸਰਕਾਰ ਤੇ ਪੁਲਿਸ ਦੀ ਉਲੰਘਣਾ ਕਰਕੇ ਬੇਖੌਫ ਘੁੰਮ ਰਹੇ ਹਨ। ਇਸ ਲਈ ਕਾਂਗਰਸ ਸਰਕਾਰ ਨੂੰ ਅਪੀਲ ਕਰਦੀ ਹੈ ਕਿ ਤਤਕਾਲ ਕਾਰਵਾਈ ਕਰੇ, ਨਹੀਂ ਤਾਂ ਕਾਂਗਰਸ ਨੂੰ ਸੜਕਾਂ ‘ਤੇ ਉਤਰਨ ਲਈ ਮਜਬੂਰ ਹੋਣਾ ਪਵੇਗਾ।

Leave a Reply

Your email address will not be published. Required fields are marked *