ਸਬ ਡਿਵੀਜ਼ਨ ਤਲਵੰਡੀ ਸਾਬੋ ਦੇ ਪਿੰਡ ਗੁਰੂਸਰ ਜਗ੍ਹਾ ਵਿਖੇ ਰਜਵਾਹੇ ਵਿਚ ਪਾੜ ਪੈਣ ਨਾਲ ਕਿਸਾਨਾਂ ਦੀ 400 ਏਕੜ ਤੋਂ ਵੱਧ ਪੱਕੀ ਕਣਕ ਦੀ ਫ਼ਸਲ ‘ਚ ਪਾਣੀ ਭਰ ਗਿਆ, ਜਿਸ ਨਾਲ ਜਿੱਥੇ ਕਿਸਾਨਾਂ ਦੀ ਫਸਲ ਖ਼ਰਾਬ ਹੋਣ ਦਾ ਖ਼ਤਰਾ ਮੰਡਰਾ ਰਿਹਾ ਹੈ ਉੱਥੇ ਹੀ ਪਿੰਡ ਵਾਸੀਆਂ ਵੱਲੋਂ ਖੁਦ ਰਜਵਾਹੇ ਨੂੰ ਬੰਦ ਕੀਤਾ ਜਾ ਰਿਹਾ ਹੈ। ਭਾਵੇਂ ਕਿ ਨਹਿਰੀ ਵਿਭਾਗ ਦੇ ਅਧਿਕਾਰੀ ਮੌਕੇ ਤੇ ਤਾਂ ਪੁੱਜੇ ਪਰ ਉਨ੍ਹਾਂ ਵੱਲੋਂ ਰਜਵਾਹੇ ਨੂੰ ਬੰਦ ਕਰਨ ਲਈ ਕੋਈ ਉਪਰਾਲੇ ਨਹੀਂ ਕੀਤੇ ਗਏ। ਬੀਤੇ ਦਿਨ ਹੋਈ ਬਾਰਿਸ਼ ਨੇ ਭਾਵੇਂ ਕੇ ਕਿਸਾਨਾਂ ਦੀ ਫ਼ਸਲ ਨੂੰ ਪੈ ਰਹੀ ਗਰਮੀ ਤੋਂ ਰਾਹਤ ਦਿੱਤੀ ਸੀ ਤੇ ਕਿਸਾਨਾਂ ਨੂੰ ਚੰਗਾ ਝਾੜ ਮਿਲਣ ਦੀ ਉਮੀਦ ਸੀ ਪਰ ਸਬ ਡਵੀਜ਼ਨ ਤਲਵੰਡੀ ਸਾਬੋ ਵਿਖੇ ਬਾਰਿਸ਼ ਕਾਰਨ ਰਜਵਾਹਿਆਂ ਵਿਚ ਲਗਾਤਾਰ ਪੈ ਰਹੇ ਹਨ। ਬੀਤੇ ਦਿਨ ਪਿੰਡ ਤਿਉਣਾ ਪੁਜਾਰੀਆ ਵਿਖੇ ਰਜਵਾਹੇ ਵਿਚ ਪਾੜ ਨਾਲ ਜਵਾਹਰ ਨਵੋਦਿਆ ਵਿਦਿਆਲਿਆ ਤੇ ਕਿਸਾਨਾਂ ਦੀ ਫ਼ਸਲ ‘ਚ ਪਾਣੀ ਭਰਿਆ ਸੀ। ਅੱਜ ਪਿੰਡ ਗੁਰੂਸਰ ਜਗ੍ਹਾ ਵਿਖੇ ਰਜਵਾਹੇ ਵਿਚ ਸਵੇਰ ਸਮੇਂ ਵੱਡਾ ਭਾਰ ਪੈ ਗਿਆ। ਪਾੜ ਦਾ ਪਤਾ ਲੱਗਦਿਆਂ ਪਿੰਡ ਵਾਸੀ ਇਕੱਠੇ ਹੋ ਗਏ ਤੇ ਰਜਵਾਹੇ ਨੂੰ ਭਰਨ ਵਿਚ ਲੱਗੇ ਪਰ ਪਾਣੀ ਦਾ ਬਹੁਤ ਤੇਜ਼ ਹੋਣ ਕਾਰਨ ਲਗਾਤਾਰ ਪਾੜ ਵਧ ਰਿਹਾ ਹੈ, ਜਿਸ ਨਾਲ ਪਾਣੀ ਵੀ 400 ਏਕੜ ਤੋਂ ਵੱਧ ਕਿਸਾਨਾਂ ਦੀ ਪੱਕੀ ਕਣਕ ‘ਚ ਚਲਾ ਗਿਆ ਜਿਸ ਨਾਲ ਕਿਸਾਨਾਂ ਦੀ ਪੱਕੀ ਕਣਕ ਖਰਾਬ ਹੋਣ ਦਾ ਖਤਰਾ ਮੰਡਰਾ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਇਕ ਪਾਸੇ ਤਾਂ ਬਾਰਿਸ਼ ਤੋਂ ਉਨ੍ਹਾਂ ਨੂੰ ਫਾਇਦਾ ਹੋਣ ਦੀ ਉਮੀਦ ਸੀ ਪਰ ਰਜਵਾਹਾ ਟੁੱਟਣ ਕਾਰਨ ਉਨ੍ਹਾਂ ਦੀਆਂ ਫ਼ਸਲਾਂ ‘ਚ ਜਮ੍ਹਾਂ ਹੋਇਆ ਪਾਣੀ ਉਨ੍ਹਾਂ ਦੀਆਂ ਪੱਕੀਆਂ ਫ਼ਸਲਾਂ ਖ਼ਰਾਬ ਕਰ ਰਿਹਾ ਹੈ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੂੰ ਹੁਣ ਉਮੀਦ ਸੀ ਕਿ ਫ਼ਸਲ ਛੇ ਮਹੀਨੇ ਦੀ ਮਿਹਨਤ ਤੋਂ ਬਾਅਦ ਘਰ ਆਵੇਗੀ। ਕਿਸਾਨਾਂ ਨੇ ਦੱਸਿਆ ਕਿ ਉਨ੍ਹਾਂ ਨੇ 50 ਤੋਂ 65 ਹਜ਼ਾਰ ਰੁਪਏ ਪ੍ਰਤੀ ਏਕੜ ਜ਼ਮੀਨ ਠੇਕੇ ਉਤੇ ਲੈ ਕੇ ਕਣਕ ਦੀ ਬਿਜਾਈ ਕੀਤੀ ਸੀ। ਹੁਣ ਕਿਸਾਨਾਂ ਨੇ ਪਾੜ ਪੈਣ ਕਾਰਨ ਖ਼ਰਾਬ ਹੋਈ ਕਣਕ ਲਈ ਸਰਕਾਰ ਤੋਂ ਮੁਆਵਜ਼ੇ ਦੀ ਮੰਗ ਕੀਤੀ ਹੈ। ਦੂਜੇ ਪਾਸੇ ਖਾਲੀ ਹੱਥ ਪੁੱਜੇ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਬਾਰਿਸ਼ ਕਾਰਨ ਨਹਿਰਾਂ ਵਿਚ ਪਾਣੀ ਦਾ ਵਹਾਅ ਤੇਜ਼ ਹੋ ਗਿਆ ਜਿਸ ਕਰਕੇ ਪਾੜ ਪੈ ਰਹੇ ਹਨ।