ਵਿਧਾਇਕ ਅਮਿਤ ਰਤਨ ਨੂੰ 16 ਮਾਰਚ ਤੱਕ ਭੇਜਿਆ ਪਟਿਆਲਾ ਜੇਲ੍ਹ

ਬਠਿੰਡਾ ਦਿਹਾਤੀ ’ਚ ਪੈਂਦੇ ਪਿੰਡ ਘੁੱਦਾ ਦੇ ਸਰਪੰਚ ਦੇ ਪਤੀ ਤੋਂ ਕਥਿਤ ਤੌਰ ’ਤੇ 4 ਲੱਖ ਰੁਪਏ ਰਿਸ਼ਵਤ ਲੈਣ ਦੇ ਮਾਮਲੇ ਵਿੱਚ ਗ੍ਰਿਫਤਾਰ ਵਿਧਾਇਕ ਅਮਿਤ ਰਤਨ ਨੂੰ ਅੱਜ ਜੁਡੀਸ਼ੀਅਲ ਰਿਮਾਂਡ ’ਤੇ 16 ਮਾਰਚ ਤੱਕ ਪਟਿਆਲਾ ਜੇਲ੍ਹ ਭੇਜ ਦਿੱਤਾ ਹੈ। ਅਮਿਤ ਰਤਨ ਨੂੰ 22 ਫਰਵਰੀ ਦੀ ਰਾਤ ਨੂੰ ਰਾਜਪੁਰਾ ਕੋਲੋਂ ਗ੍ਰਿਫਤਾਰ ਕੀਤਾ ਸੀ। ਉਸੇ ਦਿਨ ਤੋਂ ਹੀ ਉਹ ਪੁਲਿਸ ਰਿਮਾਂਡ ’ਤੇ ਹੋਣ ਕਰਕੇ ਵਿਜੀਲੈਂਸ ਦੀ ਹਿਰਾਸਤ ’ਚ ਸੀ। ਇਸ ਮੌਕੇ ਅਮਿਤ ਰਤਨ ਨੇ ਕਿਹਾ ਕਿ ਉਹਨਾਂ ਨੂੰ ਨਿਆਂਪਾਲਿਕਾ ’ਤੇ ਪੂਰਾ ਭਰੋਸਾ ਹੈ । ਵਿਜੀਲੈਂਸ ਦੇ ਡੀਐਸਪੀ ਕੁਲਵੰਤ ਸਿੰਘ ਨੇ ਕਿਹਾ ਕਿ ਉਨ੍ਹਾਂ ਵੱਲੋਂ ਜੋ ਪੁੱਛਗਿੱਛ ਕੀਤੀ ਜਾਣੀ ਸੀ ਉਹ ਪੁਲਿਸ ਰਿਮਾਂਡ ਦੌਰਾਨ ਕਰ ਲਈ ਗਈ, ਇਸ ਲਈ ਹੋਰ ਪੁਲਿਸ ਰਿਮਾਂਡ ਨਹੀਂ ਮੰਗਿਆ ਗਿਆ। ਉਧਰ ਦੂਜੇ ਪਾਸੇ ਵਿਧਾਇਕ ਅਮਿਤ ਰਤਨ ਦੇ ਵਕੀਲ ਹਰਪਿੰਦਰ ਸਿੰਘ ਸਿੱਧੂ ਦਾ ਕਹਿਣਾ ਹੈ ਕਿ ਪੁਲਿਸ ਰਿਮਾਂਡ ਦੌਰਾਨ ਵਿਜੀਲੈਂਸ ਵਿਧਾਇਕ ਕੋਲੋਂ ਕੋਈ ਬਰਾਮਦਗੀ ਨਹੀਂ ਕਰਵਾ ਸਕੀ। ਉਨ੍ਹਾਂ ਦਾਅਵਾ ਕੀਤਾ ਕਿ ਵਿਧਾਇਕ ਵੱਲੋਂ ਸਾਲ 2017 ’ਚ ਚੋਣ ਲੜੀ ਗਈ ਸੀ ਤਾਂ ਉਸ ਸਮੇਂ ਵੀ ਚੋਣ ਕਮਿਸ਼ਨ ਦੀਆਂ ਹਦਾਇਤਾਂ ਮੁਤਾਬਿਕ ਆਪਣੀ ਜਾਇਦਾਦ ਦਾ ਵੇਰਵਾ ਦਿੱਤਾ ਸੀ ਅਤੇ 2022 ਦੀਆਂ ਚੋਣਾਂ ਮੌਕੇ ਵੀ, ਜਿਸ ਮੁਤਾਬਿਕ ਵਿਧਾਇਕ ਵੱਲੋਂ ਕੋਈ ਨਵੀਂ ਜਾਇਦਾਦ ਨਹੀਂ ਬਣਾਈ ਗਈ। ਉਨ੍ਹਾਂ ਅੱਗੇ ਦੱਸਿਆ ਕਿ ਵਿਧਾਇਕ ਦੀ ਚੰਡੀਗੜ੍ਹ ਰਿਹਾਇਸ਼ ਤੋਂ ਜੋ ਕਾਗਜ਼ਾਤ ਵਿਜੀਲੈਂਸ ਨੇ ਲਏ ਸੀ, ਉਨ੍ਹਾਂ ਦੀ ਪੜਤਾਲ ਦੌਰਾਨ ਵੀ ਵਿਜੀਲੈਂਸ ਨੂੰ ਕੁੱਝ ਨਹੀਂ ਮਿਲਿਆ ਅਤੇ ਨਾ ਹੀ ਪਟਿਆਲਾ ਸਥਿਤ ਰਿਹਾਇਸ਼ ਤੋਂ। ਅਮਿਤ ਰਤਨ ਨੂੰ ਬਠਿੰਡਾ ਦੀ ਥਾਂ ਪਟਿਆਲਾ ਜ਼ੇਲ੍ਹ ਭੇਜੇ ਜਾਣ ਦੇ ਸਵਾਲ ਦੇ ਜਵਾਬ ’ਚ ਉਨ੍ਹਾਂ ਦੱਸਿਆ ਕਿ ਇਹ ਉਨ੍ਹਾਂ ਵੱਲੋਂ ਹੀ ਅਪੀਲ ਕੀਤੀ ਗਈ ਸੀ ਕਿਉਂਕਿ ਬਠਿੰਡਾ ਜ਼ੇਲ੍ਹ ’ਚ ਏ ਕੈਟਾਗਿਰੀ ਦੇ ਨਾਮੀ ਗੈਂਗਸਟਰ ਹਨ, ਜਿੱਥੇ ਵਿਧਾਇਕ ਦੀ ਜਾਨ ਨੂੰ ਖਤਰਾ ਹੋ ਸਕਦਾ ਸੀ।  ਕਾਬਿਲੇਗੌਰ ਹੈ ਕਿ ਇਸੇ ਮਾਮਲੇ ਵਿੱਚ ਇਸ ਤੋਂ ਪਹਿਲਾਂ ਵਿਧਾਇਕ ਦੇ ਨਜ਼ਦੀਕੀ ਰਿਸ਼ਮ ਗਰਗ ਨੂੰ 16 ਫਰਵਰੀ ਨੂੰ ਸਰਕਟ ਹਾਊਸ ਬਠਿੰਡਾ ਤੋਂ ਗ੍ਰਿਫਤਾਰ ਕੀਤਾ ਸੀ ਜੋ ਹੁਣ 10 ਮਾਰਚ ਤੱਕ ਜੁਡੀਸ਼ੀਅਲ ਰਿਮਾਂਡ ’ਤੇ ਹੈ।

Leave a Reply

Your email address will not be published. Required fields are marked *