ਲੁਧਿਆਣਾ ਦੇ ਕਸਬਾ ਖੰਨਾ ਦੀ ਪੁਲਿਸ ਨੇ ਗੈਂਗਸਟਰ ਲਵਜੀਤ ਕੰਗ ਦੇ 6 ਸਾਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਬਦਮਾਸ਼ਾਂ ਕੋਲੋਂ 11 ਪਿਸਤੌਲ 32 ਬੋਰ, 3 ਜਿੰਦਾ ਕਾਰਤੂਸ ਅਤੇ 13 ਮੈਗਜ਼ੀਨ ਅਤੇ ਦੋ ਦੋ ਪਹੀਆ ਵਾਹਨ ਬਰਾਮਦ ਕੀਤੇ ਹਨ। ਐਸਐਸਪੀ ਅਮਿਤਾ ਕੌਂਡਲ ਨੇ ਦੱਸਿਆ ਕਿ 26 ਫਰਵਰੀ ਨੂੰ ਪੁਲਿਸ ਟੀਮ ਨੇ ਨਾਕਾਬੰਦੀ ਦੌਰਾਨ ਪਿੰਡ ਅਲੌੜ ਤੋਂ ਦਵਿੰਦਰ ਸਿੰਘ ਉਰਫ਼ ਬੰਟੀ ਅਤੇ ਕਰਨਜੋਤ ਸਿੰਘ ਉਰਫ਼ ਨੋਨਾ ਨੂੰ 4 ਪਿਸਤੌਲ 32 ਬੋਰ ਸਮੇਤ ਗ੍ਰਿਫ਼ਤਾਰ ਕਰਕੇ ਥਾਣਾ ਸਦਰ ਖੰਨਾ ਵਿੱਚ ਕੇਸ ਦਰਜ ਕੀਤਾ ਸੀ। ਜਦੋਂ ਮੁਲਜ਼ਮਾਂ ਤੋਂ ਪੁੱਛਗਿੱਛ ਕੀਤੀ ਗਈ ਤਾਂ ਉਨ੍ਹਾਂ ਦੱਸਿਆ ਕਿ ਉਹ ਅਮਰੀਕਾ ਵਿੱਚ ਰਹਿੰਦੇ ਗੈਂਗਸਟਰ ਲਵਜੀਤ ਕੰਗ ਦੇ ਸੰਪਰਕ ਵਿੱਚ ਸਨ। ਲਵਜੀਤ ਉਹਨਾਂ ਨੂੰ ਟਾਰਗੇਟ ਦਿੰਦਾ ਸੀ, ਜਿਸ ਤੋਂ ਬਾਅਦ ਉਹ ਵਿਅਕਤੀ ਨੂੰ ਅਗਵਾ ਕਰਕੇ ਕਰੋੜਾਂ ਦੀ ਫਿਰੌਤੀ ਮੰਗਣ ਦੀ ਤਿਆਰੀ ਕਰਦੇ ਸਨ। ਪੁਲਿਸ ਦੀ ਮੁਸਤੈਦੀ ਕਾਰਨ ਮੁਲਜ਼ਮਾਂ ਨੂੰ ਕਾਬੂ ਕਰ ਲਿਆ ਗਿਆ। ਪੁਲਿਸ ਨੇ ਦਵਿੰਦਰ ਸਿੰਘ ਉਰਫ ਬੰਟੀ ਤੋਂ ਪੁੱਛਗਿੱਛ ਕਰਕੇ ਮਾਮਲੇ ਵਿੱਚ ਕੋਹਿਨੂਰ ਸਿੰਘ ਉਰਫ ਟੀਟੂ ਅਤੇ ਹਰਪ੍ਰੀਤ ਸਿੰਘ ਉਰਫ ਚੰਨੀ ਨੂੰ ਨਾਮਜ਼ਦ ਕੀਤਾ ਹੈ। 27 ਫਰਵਰੀ ਨੂੰ ਪੁਲਿਸ ਨੇ ਕੋਹਿਨੂਰ ਸਿੰਘ ਅਤੇ ਹਰਪ੍ਰੀਤ ਕੋਲੋਂ 1 ਪਿਸਤੌਲ 32 ਬੋਰ ਸਮੇਤ 1 ਮੈਗਜ਼ੀਨ, 3 ਜਿੰਦਾ ਕਾਰਤੂਸ ਬਰਾਮਦ ਕੀਤੇ ਸਨ। 2 ਮਾਰਚ ਨੂੰ ਮੁਲਜ਼ਮ ਦਵਿੰਦਰ ਸਿੰਘ ਉਰਫ਼ ਬੰਟੀ ਤੋਂ ਪੁੱਛਗਿੱਛ ਤੋਂ ਬਾਅਦ ਮਾਮਲੇ ਵਿੱਚ ਨਾਮਜ਼ਦ ਮੁਲਜ਼ਮ ਬਲਕਰਨ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਿਸ ਨੇ 4 ਫਰਵਰੀ ਨੂੰ ਮੁਲਜ਼ਮ ਕਮਲਜੀਤ ਸਿੰਘ ਉਰਫ਼ ਕੌਮ ਨੂੰ ਗ੍ਰਿਫ਼ਤਾਰ ਕਰਕੇ ਮੁਲਜ਼ਮ ਦੇ ਕਬਜ਼ੇ ਵਿੱਚੋਂ 4 ਪਿਸਤੌਲ 32 ਬੋਰ 6 ਮੈਗਜ਼ੀਨ ਬਰਾਮਦ ਕੀਤੇ ਸਨ। 7 ਮਾਰਚ ਨੂੰ ਪੁਲਿਸ ਨੇ ਮੁਲਜ਼ਮ ਬਲਕਰਨ ਸਿੰਘ ਕੋਲੋਂ 315 ਬੋਰ ਦੇ ਦੋ ਦੇਸੀ ਪਿਸਤੌਲ ਬਰਾਮਦ ਕੀਤੇ ਸਨ। ਮੁਲਜ਼ਮਾਂ ਨੇ ਪੁਲਿਸ ਨੂੰ ਦੱਸਿਆ ਕਿ ਉਹ ਵੱਡੀ ਵਾਰਦਾਤਾਂ ਕਰਕੇ ਪੈਸਾ ਤੇ ਸ਼ੋਹਰਤ ਕਮਾਉਣਾ ਚਾਹੁੰਦੇ ਸਨ। ਲਵਜੀਤ ਕੰਗ ਖਿਲਾਫ ਪਹਿਲਾਂ ਵੀ ਥਾਣਾ ਬੇਗੋਵਾਲ ‘ਚ ਫਿਰੌਤੀ ਦਾ ਮਾਮਲਾ ਦਰਜ ਹੈ।