ਖਾਲਿਸਤਾਨੀ ਸਮਰਥਕ ਅੰਮ੍ਰਿਤਪਾਲ ਸਿੰਘ ਲਗਾਤਾਰ ਪੁਲਿਸ ਨੂੰ ਚਕਮਾ ਦੇਣ ਦੀ ਕੋਸ਼ਿਸ਼ ਕਰ ਰਿਹਾ ਹੈ। ਪੰਜਾਬ, ਦਿੱਲੀ, ਹਰਿਆਣਾ ਤੋਂ ਬਾਅਦ ਹੁਣ ਮੇਰਠ ‘ਚ ਉਸ ਨੂੰ ਦੇਖਣ ਦਾ ਦਾਅਵਾ ਕੀਤਾ ਜਾ ਰਿਹਾ ਹੈ। ਇਸ ਤੋਂ ਬਾਅਦ ਪੰਜਾਬ ਪੁਲਿਸ ਅਤੇ ਖੁਫੀਆ ਏਜੰਸੀ ਮੇਰਠ ‘ਚ ਡੇਰੇ ਲਾਈ ਬੈਠੀ ਹੈ। ਇਕ ਆਟੋ ਚਾਲਕ ਨੇ ਦਾਅਵਾ ਕੀਤਾ ਸੀ ਕਿ ਉਸ ਨੇ ਅੰਮ੍ਰਿਤਪਾਲ ਵਾਂਗ ਦਿੱਸਦੇ ਇਕ ਸ਼ਖਸ ਨੂੰ ਦੇਖਿਆ ਸੀ। ਇਸ ਤੋਂ ਬਾਅਦ ਅੰਮ੍ਰਿਤਪਾਲ ਦੀ ਭਾਲ ‘ਚ ਲੱਗੀਆਂ ਟੀਮਾਂ ਨੇ ਆਟੋ ਚਾਲਕ ਤੋਂ ਪੁੱਛਗਿੱਛ ਕੀਤੀ ਪਰ ਉਸ ਬਾਰੇ ਕੁਝ ਜਾਣਕਾਰੀ ਹੱਥ ਨਹੀਂ ਲੱਗੀ। ਸੂਤਰਾਂ ਮੁਤਾਬਕ ਇਸ ਤੋਂ ਬਾਅਦ ਏਜੰਸੀਆਂ ਨੇ ਖਦਸ਼ਾ ਪ੍ਰਗਟਾਇਆ ਹੈ ਕਿ ਜੇਕਰ ਅੰਮ੍ਰਿਤਪਾਲ ਸੱਚਮੁੱਚ ਮੇਰਠ ‘ਚ ਮੌਜੂਦ ਸੀ ਤਾਂ ਉਹ ਮੇਰਠ ਤੋਂ ਅੱਗੇ ਉਤਰਾਖੰਡ ਜਾ ਸਕਦਾ ਹੈ। ਕਿਉਂਕਿ ਉਤਰਾਖੰਡ ਦੇ ਊਧਮ ਸਿੰਘ ਨਗਰ ‘ਚ ਉਸ ਨੂੰ ਪਨਾਹ ਦੇਣ ਵਾਲੇ ਕਈ ਟਿਕਾਣੇ ਹਨ, ਜੋ ਜਾਂਚ ਏਜੰਸੀਆਂ ਦੇ ਰਡਾਰ ‘ਤੇ ਹਨ। ਅੰਮ੍ਰਿਤਪਾਲ ਹੁਣ ਤੱਕ ਆਪਣੇ ਸਾਥੀ ਪਪਲਪ੍ਰੀਤ ਦੀ ਮਦਦ ਨਾਲ ਪਨਾਹ ਲੈ ਰਿਹਾ ਹੈ ਅਤੇ ਹੁਣ ਵੀ ਉਸ ਦੇ ਨਾਲ ਹੈ, ਜਿਸ ਕਾਰਨ ਇਹ ਖਦਸ਼ਾ ਪ੍ਰਗਟਾਇਆ ਜਾ ਰਿਹਾ ਹੈ ਕਿ ਉਹ ਏਜੰਸੀਆਂ ਨੂੰ ਉਲਝਾਉਣ ਦੀ ਨੀਅਤ ਨਾਲ ਲਗਾਤਾਰ ਆਪਣਾ ਟਿਕਾਣਾ ਬਦਲ ਰਿਹਾ ਹੈ। ਪਪਲਪ੍ਰੀਤ ਉਸ ਨੂੰ ਉਤਰਾਖੰਡ ਲੈ ਜਾ ਸਕਦਾ ਹੈ। ਦਰਅਸਲ, ਊਧਮ ਸਿੰਘ ਨਗਰ ਦੇ ਕਾਸ਼ੀਪੁਰ, ਬਾਜਪੁਰ, ਰੁਦਰਪੁਰ, ਗੁਲਰਭੋਜ ਅਤੇ ਗਦਰਪੁਰ ਅਜਿਹੇ ਇਲਾਕੇ ਹਨ ਜਿੱਥੇ ਉਸ ਦੀ ਆਵਾਜਾਈ ਹੋ ਸਕਦੀ ਹੈ। ਉਤਰਾਖੰਡ ਪੁਲਿਸ ਨੇ ਗੁਰਦੁਆਰਿਆਂ ਵਿਚ ਜਾ ਕੇ ਉਸ ਨੂੰ ਪਨਾਹ ਨਾ ਦੇਣ ਦੀ ਮੁਹਿੰਮ ਤੇਜ਼ ਕਰ ਦਿੱਤੀ ਹੈ। ਲਗਾਤਾਰ ਐਲਾਨ ਕੀਤੇ ਜਾ ਰਹੇ ਹਨ ਅਤੇ ਅੰਮ੍ਰਿਤਪਾਲ ਦੇ ਪੋਸਟਰ ਲਾਏ ਜਾ ਰਹੇ ਹਨ। ਤਾਂ ਕਿ ਜੇਕਰ ਉਹ ਮੇਰਠ ਤੋਂ ਉਤਰਾਖੰਡ ਵੱਲ ਗਿਆ ਹੁੰਦਾ ਤਾਂ ਉਸ ਨੂੰ ਫੜਿਆ ਸਕੇ।