MP ਸਿਮਰਨਜੀਤ ਸਿੰਘ ਮਾਨ ਨੇ ਹਲਕੇ ਦੇ ਲੋਕਾਂ ਦੀਆਂ ਮੰਗਾਂ ਸੰਬੰਧੀ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਕੀਤੀ ਮੁਲਾਕਾਤ

ਸ਼੍ਰੋਮਣੀ ਅਕਾਲੀ ਦਲ (ਅਮਿ੍ੰਤਸਰ) ਦੇ ਪ੍ਰਧਾਨ ਅਤੇ ਲੋਕ ਸਭਾ ਹਲਕਾ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਅੱਜ ਦਿੱਲੀ ਵਿਖੇ ਕੇਂਦਰੀ ਰੇਲਵੇ ਮੰਤਰੀ ਅਸ਼ਵਨੀ ਵੈਸ਼ਨਵ ਨਾਲ ਮੁਲਾਕਾਤ ਕਰਕੇ ਹਲਕੇ ਦੇ ਲੋਕਾਂ ਨੂੰ ਪੇਸ਼ ਆਉਣ ਵਾਲੀਆਂ ਵੱਖ-ਵੱਖ ਮੁਸ਼ਕਿਲਾਂ ਤੇ ਮੰਗਾਂ ਦੇ ਹੱਲ ਲਈ ਹਲਕੇ ਅਧੀਨ ਰੇਲਵੇ ਵੱਲੋਂ ਵੱਖ-ਵੱਖ ਸੇਵਾਵਾਂ ਮੁਹੱਇਆ ਕਰਵਾਉਣ ਦੀ ਸਿਫਾਰਿਸ਼ ਕੀਤੀ ਗਈ| ਇਹ ਜਾਣਕਾਰੀ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੇ ਆਪਣੇ ਸੰਗਰੂਰ ਸਥਿਤ ਪਾਰਟੀ ਦਫਤਰ ਰਾਹੀਂ ਪ੍ਰੈਸ ਨੋਟ ਜਾਰੀ ਕਰਦਿਆਂ ਪੱਤਰਕਾਰਾਂ ਨੂੰ ਦਿੱਤੀ| ਐਮ.ਪੀ. ਮਾਨ ਨੇ ਕੇਂਦਰੀ ਰੇਲਵੇ ਮੰਤਰੀ ਨੂੰ ਹਲਕੇ ਦੇ ਲੋਕਾਂ ਦੀਆਂ ਵੱਖ-ਵੱਖ ਮੰਗਾਂ ਤੋਂ ਜਾਣੂ ਕਰਵਾਉਂਦਿਆਂ ਨਵੇਂ ਰੇਲਵੇ ਟ੍ਰੈਕ ਵਿਛਾਉਣ, ਰੇਲਵੇ ਸਟੇਸ਼ਨਾਂ ਨੂੰ ਮਾਡਰਨ ਬਣਾਉਣ ਅਤੇ ਵੱਖ-ਵੱਖ ਸਟੇਸ਼ਨਾਂ ‘ਤੇ ਵੱਖ-ਵੱਖ ਟ੍ਰੇਨਾਂ ਦੇ ਸਟਾਪੇਜ ਸੰਬੰਧੀ ਸਿਫਾਰਿਸ਼ ਕੀਤੀ, ਜਿਨ੍ਹਾਂ ਨੂੰ ਧਿਆਨ ਨਾਲ ਸਮਝਣ ਉਪਰੰਤ ਕੇਂਦਰੀ ਰੇਲਵੇ ਮੰਤਰੀ ਵੱਲੋਂ ਐਮ.ਪੀ. ਸਿਮਰਨਜੀਤ ਸਿੰਘ ਮਾਨ ਨੂੰ ਭਰੋਸਾ ਦਿੱਤਾ ਗਿਆ ਕਿ ਉਨ੍ਹਾਂ ਵੱਲੋਂ ਸਿਫਾਰਿਸ਼ ਕੀਤੀਆਂ ਹਲਕੇ ਨਾਲ ਸਬੰਧਤ ਮੰਗਾਂ ਵੱਲ ਜਲਦੀ ਗੌਰ ਕਰਕੇ ਸੇਵਾਵਾਂ ਮੁਹੱਈਆ ਕਰਵਾਉਣ ਦੇ ਹਰ ਸੰਭਵ ਯਤਨ ਕੀਤੇ ਜਾਣਗੇ|  ਐਮ.ਪੀ. ਮਾਨ ਵੱਲੋਂ ਕੇਂਦਰੀ ਰੇਲਵੇ ਮੰਤਰੀ ਨੂੰ ਸਿਫਾਰਿਸ਼ ਕੀਤੀ ਗਈ ਹੈ ਕਿ ਸੁਪਰ ਫਾਸਟ ਰੇਲਗੱਡੀ ਦਾ ਜ਼ਿਲ੍ਹਾ ਸੰਗਰੂਰ ਦੇ ਸੁਨਾਮ ਊਧਮ ਸਿੰਘ ਵਾਲਾ ਸਟੇਸ਼ਨ ਅਤੇ ਮਾਲੇਰਕੋਟਲਾ ਜ਼ਿਲ੍ਹੇ ਦੇ ਰੇਲਵੇ ਸਟੇਸ਼ਨ ‘ਤੇ ਸਟਾਪੇਜ ਯਕੀਨੀ ਬਣਾਇਆ ਜਾਵੇ|  ਇਸ ਤੋਂ ਇਲਾਵਾ ਜ਼ਿਲ੍ਹਾ ਸੰਗਰੂਰ ਦੇ ਅਲਾਲ, ਧੂਰੀ, ਭਰੂਰ, ਗੋਬਿੰਦਗੜ੍ਹ ਖੋਖਰ, ਜ਼ਿਲ੍ਹਾ ਬਰਨਾਲਾ ਦੇ ਤਪਾ ਮੰਡੀ ਅਤੇ ਘੁੰਨਸ ਵਿਖੇ ਵੱਖ-ਵੱਖ ਟ੍ਰੇਨਾਂ ਦੇ ਸਟਾਪੇਜ ਦੀ ਸਿਫਾਰਿਸ਼ ਕੀਤੀ ਗਈ ਹੈ|  ਇਸ ਦੇ ਨਾਲ ਹੀ ਉਨ੍ਹਾਂ ਆਮ (ਗੈਰ ਉਪ ਨਗਰੀ) ਸੈਕਿੰਡ ਕਲਾਸ ਅਤੇ ਆਮ ਯਾਤਰੀ ਰੇਲ ਗੱਡੀਆਂ ਮੁੜ ਸ਼ੁਰੂ ਕਰਨ ਬਾਰੇ ਸਿਰਸਾ ਤੋਂ ਪਟਿਆਲਾ ਵਾਇਆ ਫਤਿਹਾਬਾਦ-ਜਾਖਲ-ਮੂਨਕ-ਪਾਤੜਾਂ ਦੇ ਨਵੇਂ ਰੇਲਵੇ ਟ੍ਰੈਕ ਦੇ ਨਿਰਮਾਣ ਸੰਬੰਧੀ, ਸੰਗਰੂਰ ਵਿਖੇ ਰੇਲਵੇ ਇੰਜੀਨੀਅਰਿੰਗ ਯੂਨੀਵਰਸਿਟੀ ਬਣਾਉਣ ਬਾਰੇ ਅਤੇ ਮਾਲਵੇ ਦੇ ਲੋਕਾਂ ਲਈ ਅੰਮ੍ਰਿਤਸਰ ਨੂੰ ਸਿੱਧੀ ਰੇਲ ਸੇਵਾ ਮੁਹੱਇਆ ਕਰਵਾਉਣ ਬਾਰੇ ਵੀ ਵਿਚਾਰ ਚਰਚਾ ਕੀਤੀ|  ਕੇਂਦਰੀ ਮੰਤਰੀ ਨਾਲ ਗੱਲਬਾਤ ਦੌਰਾਨ ਮਾਨ ਨੇ ਹਲਕੇ ਅਧੀਨ ਆਉਂਦੇ ਜ਼ਿਲ੍ਹਾ ਸੰਗਰੂਰ, ਬਰਨਾਲਾ ਤੇ ਮਾਲੇਰਕੋਟਲਾ ਦੇ ਰੇਲਵੇ ਸਟੇਸ਼ਨਾਂ ਨੂੰ ਮਾਡਰਨ ਬਣਾਉਣ ਦੀ ਮੰਗ ਵੀ ਚੁੱਕੀ ਅਤੇ ਕਿਹਾ ਕਿ ਸੁਝਾਅ ਸੁਰੱਖਿਆ ਦੇ ਆਧਾਰ ‘ਤੇ ਲੇਹ ਲੱਦਾਖ ਤੱਕ ਰੇਲਵੇ ਲਾਇਨਜ ਵਿਛਾਈ ਜਾਵੇ | ਉਨ੍ਹਾਂ ਕਿਹਾ ਕਿ ਫਿਰੋਜ਼ਪੁਰ ਤੋਂ ਅੰਮ੍ਰਿਤਸਰ ਤੱਕ ਸਿੱਧਾ ਰੇਲ ਕੁਨੈਕਸ਼ਨ ਸਥਾਪਿਤ ਕੀਤਾ ਜਾਵੇ| ਸ਼੍ਰੀਨਗਰ ਤੋਂ ਸੇਵਾਂ ਦੀ ਸਪਲਾਈ ਲਈ ਜੰਮੂ ਤੋਂ ਸ਼੍ਰੀਨਗਰ ਰੇਲਵੇ ਲਾਈਨ ਵਰਤੀ ਜਾਵੇ, ਤਾਂ ਜੋ ਟਰੈਫਿਕ ਜਾਮ ਦੌਰਾਨ ਸੇਬ ਸੜਕਾਂ ‘ਤੇ ਖਰਾਬ ਨਾ ਹੋਣ |  ਮਾਨ ਨੇ ਕਿਹਾ ਕਿ ਰੇਲਵੇ ਵਿਭਾਗ ਵੱਲੋਂ ਉਪਰੋਕਤ ਸੇਵਾਵਾਂ ਮੁਹੱਇਆ ਕਰਨ ਨਾਲ ਹਲਕੇ ਦੇ ਹਰ ਵਰਗ ਦੇ ਲੋਕਾਂ ਨੂੰ ਬਹੁਤ ਵੱਡਾ ਲਾਭ ਮਿਲੇਗਾ| ਉਨ੍ਹਾਂ ਕਿਹਾ ਕਿ ਆਪਣੇ ਹਲਕੇ ਦੇ ਲੋਕਾਂ ਨੂੰ ਹਰ ਬਣਦੀ ਸਹੂਲਤ ਕੇਂਦਰ ਤੋਂ ਲੈ ਕੇ ਦੇਣਾ ਬਤੌਰ ਮੈਂਬਰ ਪਾਰਲੀਮੈਂਟ ਮੇਰੀ ਜਿੰਮੇਵਾਰੀ ਹੈ ਅਤੇ ਇਸ ਜਿੰਮੇਵਾਰੀ ਨੂੰ ਉਹ ਬਾਖੂਬੀ ਨਿਭਾ ਵੀ ਰਹੇ ਹਨ।

Leave a Reply

Your email address will not be published. Required fields are marked *