ਵਿਆਹ ‘ਚ ਮਿਲਿਆ ਹੋਮ ਥੀਏਟਰ ਆਨ ਕਰਦਿਆਂ ਹੀ ਹੋਇਆ ਧਮਾਕਾ, ਲਾੜੇ ਤੇ ਭਰਾ ਦੀ ਮੌਤ

ਛੱਤੀਸਗੜ੍ਹ ਦੇ ਕਬੀਰਧਾਮ ਜ਼ਿਲ੍ਹੇ ਵਿੱਚ ਵਿਆਹ ਦੇ ਤੋਹਫ਼ੇ ਵਜੋਂ ਮਿਲੇ ਹੋਮ ਥੀਏਟਰ ਮਿਊਜ਼ਿਕ ਸਿਸਟਮ ਵਿੱਚ ਧਮਾਕਾ ਹੋਣ ਕਾਰਨ ਲਾੜੇ ਅਤੇ ਉਸ ਦੇ ਵੱਡੇ ਭਰਾ ਦੀ ਮੌਤ ਹੋ ਗਈ ਹੈ। ਇਸ ਦੇ ਨਾਲ ਹੀ ਇੱਕ ਬੱਚੇ ਸਮੇਤ ਚਾਰ ਹੋਰ ਜ਼ਖ਼ਮੀ ਹੋ ਗਏ। ਪੁਲਸ ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਰੇਂਗਾਖਰ ਥਾਣਾ ਖੇਤਰ ਦੇ ਚਮਾਰੀ ਪਿੰਡ ‘ਚ ਸੋਮਵਾਰ ਨੂੰ ਵਾਪਰੀ ਅਤੇ ਧਮਾਕੇ ਦੇ ਅਸਲ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਧਮਾਕੇ ਕਾਰਨ ਜਿਸ ਕਮਰੇ ‘ਚ ਹੋਮ ਥੀਏਟਰ ਰੱਖਿਆ ਗਿਆ ਸੀ, ਉਸ ਦੀਆਂ ਕੰਧਾਂ ਅਤੇ ਛੱਤ ਢਹਿ ਗਈ। ਰੇਂਗਾਖਰ ਰਾਜਧਾਨੀ ਰਾਏਪੁਰ ਤੋਂ ਲਗਭਗ ਦੋ ਸੌ ਕਿਲੋਮੀਟਰ ਦੂਰ ਹੈ ਅਤੇ ਛੱਤੀਸਗੜ੍ਹ-ਮੱਧ ਪ੍ਰਦੇਸ਼ ਸਰਹੱਦ ‘ਤੇ ਨਕਸਲ ਪ੍ਰਭਾਵਿਤ ਖੇਤਰਾਂ ਵਿੱਚੋਂ ਇੱਕ ਹੈ। ਕਬੀਰਧਾਮ ਦੀ ਵਧੀਕ ਪੁਲਿਸ ਸੁਪਰਡੈਂਟ ਮਨੀਸ਼ਾ ਠਾਕੁਰ ਨੇ ਦੱਸਿਆ ਕਿ ਹੇਮੇਂਦਰ ਮੇਰਵੀ (22) ਦਾ ਇਸ ਮਹੀਨੇ ਦੀ ਪਹਿਲੀ ਤਰੀਕ ਨੂੰ ਵਿਆਹ ਹੋਇਆ ਸੀ। ਸੋਮਵਾਰ ਨੂੰ ਹੇਮੇਂਦਰ ਅਤੇ ਉਸਦੇ ਪਰਿਵਾਰ ਦੇ ਹੋਰ ਮੈਂਬਰ ਆਪਣੇ ਘਰ ਦੇ ਇੱਕ ਕਮਰੇ ਵਿੱਚ ਵਿਆਹ ਵਿੱਚ ਮਿਲੇ ਤੋਹਫ਼ਿਆਂ ਨੂੰ ਖੋਲ੍ਹ ਰਹੇ ਸਨ। ਉਸ ਨੇ ਦੱਸਿਆ ਕਿ ਜਿਵੇਂ ਹੀ ਹੇਮੇਂਦਰ ਨੇ ਬਿਜਲੀ ਬੋਰਡ ਨਾਲ ਤਾਰ ਜੋੜ ਕੇ ਮਿਊਜ਼ਿਕ ਸਿਸਟਮ ਆਨ ਕੀਤਾ ਤਾਂ ਫਟ ਗਿਆ। ਇਸ ਘਟਨਾ ‘ਚ ਹੇਮੇਂਦਰ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਏਐਸਪੀ ਮਨੀਸ਼ਾ ਠਾਕੁਰ ਨੇ ਦੱਸਿਆ ਕਿ ਘਟਨਾ ਵਿੱਚ ਹੇਮੇਂਦਰ ਦੇ ਭਰਾ ਰਾਜਕੁਮਾਰ (30) ਅਤੇ ਡੇਢ ਸਾਲ ਦੇ ਲੜਕੇ ਸਮੇਤ ਪੰਜ ਹੋਰ ਜ਼ਖ਼ਮੀ ਹੋ ਗਏ। ਇਨ੍ਹਾਂ ਸਾਰਿਆਂ ਨੂੰ ਕਵਰਧਾ ਜ਼ਿਲ੍ਹਾ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਹੇਮੇਂਦਰ ਦੇ ਭਰਾ ਦੀ ਇਲਾਜ ਦੌਰਾਨ ਮੌਤ ਹੋ ਗਈ। ਬਾਕੀਆਂ ਦਾ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਹੈ। ਏਐਸਪੀ ਮਨੀਸ਼ਾ ਠਾਕੁਰ ਨੇ ਦੱਸਿਆ ਕਿ ਘਟਨਾ ਦੀ ਸੂਚਨਾ ਮਿਲਦੇ ਹੀ ਫੋਰੈਂਸਿਕ ਮਾਹਿਰਾਂ ਦੇ ਨਾਲ ਪੁਲਿਸ ਟੀਮ ਮੌਕੇ ‘ਤੇ ਰਵਾਨਾ ਕੀਤੀ ਗਈ। ਧਮਾਕੇ ਦੇ ਸਹੀ ਕਾਰਨਾਂ ਦਾ ਪਤਾ ਲਗਾਇਆ ਜਾ ਰਿਹਾ ਹੈ।

Leave a Reply

Your email address will not be published. Required fields are marked *