ਰੂਪਨਗਰ ਬਾਈਪਾਸ ਵਿਖੇ ਅੱਜ ਇਕ ਦਰਦਨਾਕ ਹਾਦਸਾ ਵਾਪਰ ਗਿਆ। ਇਸ ਹਾਦਸੇ ਵਿਚ ਪੰਜਾਬ ਰੋਡਵੇਜ਼ ਦੀ ਬੱਸ ਦੇ ਅੱਗੇ 72 ਸਾਲਾ ਐਕਟਿਵਾ ਸਵਾਰ ਬਜੁਰਗ ਆ ਗਿਆ। ਬੱਸ ਦਾ ਟਾਇਰ ਉਪਰ ਚੜ੍ਹਨ ਕਾਰਨ ਬਜ਼ੁਰਗ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਮ੍ਰਿਤਕ ਦੀ ਪਹਿਚਾਣ ਅਜਮੇਰ ਸਿੰਘ (72) ਵਜੋਂ ਹੋਈ ਹੈ। ਮ੍ਰਿਤਕ ਬਲਰਾਮਪੁਰ ਬੇਲਾ ਜ਼ਿਲ੍ਹਾ ਰੂਪਨਗਰ ਵਜੋਂ ਹੋਈ ਹੈ। ਹਾਦਸਾ ਇੰਨਾ ਭਿਆਨਕ ਸੀ ਕਿ ਐਕਟਿਵਾ ਦੇ ਪਰਖੱਚੇ ਉੱਡ ਗਏ। ਪੰਜਾਬ ਰੋਡਵੇਜ਼ ਦੀ ਬੱਸ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਸੀ। ਜਾਣਕਾਰੀ ਦੇ ਮੁਤਾਬਕ ਸ਼ਹੀਦ ਭਗਤ ਸਿੰਘ ਨਗਰ ਰੋਡਵੇਜ਼ ਡਿਪੂ ਦੀ ਪੰਜਾਬ ਰੋਡਵੇਜ਼ ਦੀ ਬੱਸ ( PB 07 BQ 1255 ) ਜਦੋਂ ਦੁਪਹਿਰ ਸਮੇ 3 ਵਜੇ ਦੇ ਕਰੀਬ ਜਲੰਧਰ ਤੋਂ ਚੰਡੀਗੜ੍ਹ ਜਾ ਰਹੀ ਸੀ ਤਾਂ ਰੂਪਨਗਰ ਬਾਈਪਾਸ ‘ਤੇ ਡਾਕਟਰ ਸੁਰਜੀਤ ਹਸਪਤਾਲ ਵਾਲੀ ਲਾਲ ਬੱਤੀ ਚੌਕ ‘ਤੇ ਪਹੁੰਚੀ ਤਾਂ ਐਕਟਿਵਾ ਸਵਾਰ ਬਜ਼ੁਰਗ ਬੱਸ ਦੇ ਹੇਠਾਂ ਆ ਗਿਆ। ਜਿਸ ਨਾਲ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ। ਬੱਸ ਡਰਾਈਵਰ ਅਮਨਜੀਤ ਸਿੰਘ ਨੇ ਕਿਹਾ ਕਿ ਬੱਸ ਦੀ ਸਪੀਡ ਵੀ ਕੋਈ ਜ਼ਿਆਦਾ ਨਹੀਂ ਸੀ ਅਤੇ ਗ੍ਰੀਨ ਸਿਗਨਲ ਸੀ ਕਿ ਅਚਾਨਕ ਸਕੂਟਰ ਸਵਾਰ ਬੱਸ ਦੇ ਅੱਗੇ ਆ ਗਿਆ।ਪੁਲਿਸ ਮਾਮਲੇ ਦੀ ਜਾਂਚ ਕਰ ਰਹੀ ਹੈ। ਥਾਣਾ ਮੁਖੀ ਪਵਨ ਕੁਮਾਰ ਨੇ ਕਿਹਾ ਕਿ ਬਣਦੀ ਹੋਈ ਕਾਰਵਾਈ ਕੀਤੀ ਜਾ ਰਹੀ ਹੈ।