ਚੇਨਈ ਸੁਪਰ ਕਿੰਗਸ ਦੇ ਕਪਤਾਨ ਮਹਿੰਦਰ ਸਿੰਘ ਧੋਨੀ ਨੇ ਆਈਪੀਐੱਲ ਦੇ ਮੌਜੂਦਾ ਸੀਜ਼ਨ ਵਿਚ ਪਹਿਲੀ ਵਾਰ ਆਪਣੇ ਰਿਟਾਇਰਟਮੈਂਟ ਦੀਆਂ ਖਬਰਾਂ ‘ਤੇ ਚੁੱਪੀ ਤੋੜੀ ਹੈ। ਧੋਨੀ ਨੇ ਆਪਣੇ ਫੈਨਸ ਨੂੰ ਰਾਹਤ ਦਿੰਦੇ ਹੋਏ ਕਿਹਾ ਕਿ ਅਜੇ ਇਸ ਬਾਰੇ ਫੈਸਲਾ ਲੈਣ ਵਿਚ ਬਹੁਤ ਸਮਾਂ ਹੈ। ਅਜੇ ਸਾਡੇ ਕਾਫੀ ਮੈਚ ਬਚੇ ਹਨ ਤੇ ਜੇਕਰ ਅਜੇ ਮੈਂ ਕੁਝ ਕਹਿੰਦਾ ਹਾਂ ਤਾਂ ਕੋਚ ਦਬਾਅ ਵਿਚ ਆ ਜਾਣਗੇ ਤੇ ਮੈਂ ਕੋਚਾਂ ‘ਤੇ ਕੋਈ ਦਬਾਅ ਨਹੀਂ ਪਾਉਣਾ ਚਾਹੁੰਦਾ। ਇਹ ਗੱਲ ਖੁਦ ਧੋਨੀ ਨੇ ਸੀਐੱਸਕੇ ਦੇ ਇਕ ਈਵੈਂਟ ਦੌਰਾਨ ਕਹੀ। ਇਸ ਈਵੈਂਟ ਦੌਰਾਨ ਧੋਨੀ ਤੋਂ ਉਨ੍ਹਾਂ ਦੀ ਰਿਟਾਇਰਮੈਂਟ ਨੂੰ ਲੈ ਕੇ ਸਵਾਲ ਕੀਤਾ ਗਿਆ ਸੀ। ਜਵਾਬ ਵਿਚ ਧੋਨੀ ਨੇ ਕਿਹਾ ਕਿ ਅਜੇ ਸੰਨਿਆਸ ‘ਤੇ ਫੈਸਲਾ ਲੈਣ ਵਿਚ ਬਹੁਤ ਸਮਾਂ ਬਾਕੀ ਹੈ। ਧੋਨੀ ਦੀਆਂ ਗੱਲਾਂ ਤੋਂ ਇਹ ਲੱਗ ਰਿਹਾ ਹੈ ਕਿ ਮਾਹੀ ਇਸ ਸੀਜ਼ਨ ਤਾਂ ਕੀ ਅਗਲੇ 2-3 ਸੀਜ਼ਨ ਸੰਨਿਆਸ ਨਹੀਂ ਲੈਣ ਵਾਲੇ ਤੇ ਇਹ ਉਨ੍ਹਾਂ ਦੇ ਫੈਨਸ ਲਈ ਬਹੁਤ ਵੱਡੀ ਰਾਹਤ ਭਰੀ ਖਬਰ ਹੈ। 41 ਸਾਲ ਦੇ ਮਹਿੰਦਰ ਸਿੰਘ ਧੋਨੀ IPL 2023 ਵਿਚ ਸ਼ਾਨਦਾਰ ਖੇਡ ਰਹੇ ਹਨ। ਹੁਣੇ ਜਿਹੇ ਉਨ੍ਹਾਂ ਨੇ CSK ਦੇ ਕਪਤਾਨ ਵਜੋਂ 200ਵਾਂ ਮੈਚ ਖੇਡਿਆ ਸੀ। ਇਸ ਤੋਂ ਇਲਾਵਾ ਧੋਨੀ ਬੱਲੇ ਨਾਲ ਵੀ ਚੰਗਾ ਪ੍ਰਦਰਸ਼ਨ ਕਰ ਰਹੇ ਹਨ। ਰਾਜਸਥਾਨ ਰਾਇਲਸ ਖਿਲਾਫ ਹੋਏ ਆਖਰੀ ਮੈਚ ਵਿਚ ਧੋਨੀ ਨੇ 17 ਗੇਂਦਾਂ ਅੰਦਰ 32 ਦੌੜਾਂ ਦੀ ਪਾਰੀ ਖੇਡੀ ਸੀ। ਆਪਣੀ ਪਾਰੀ ਵਿਚ ਧੋਨੀ ਨੇ 1 ਚੌਕਾ ਤੇ 3 ਛੱਕੇ ਲਗਾਏ ਸਨ ਤੇ ਉਨ੍ਹਾਂ ਦਾ ਸਟ੍ਰਾਈਕ ਰੇਟ 188.24 ਦਾ ਸੀ। ਦੱਸ ਦੇਈਏ ਕਿ ਇਸ ਸੀਜ਼ਨ ਦੇ ਆਗਾਜ਼ ਤੋਂ ਪਹਿਲਾਂ ਧੋਨੀ ਨੂੰ ਲੈ ਕੇ ਇਹੀ ਕਿਹਾ ਜਾ ਰਿਹਾ ਸੀ ਕਿ ਮਾਹੀ ਇਸ ਸੀਜ਼ਨ ਵਿਚ ਆਖਰੀ ਵਾਰ ਖੇਡਦੇ ਹੋਏ ਦਿਖਾਈ ਦੇਣਗੇ। ਕਾਫੀ ਸਮੇਂ ਤੋਂ ਧੋਨੀ ਦੇ ਸੰਨਿਆਸ ਦੀਆਂ ਖਬਰਾਂ ਚੱਲ ਰਹੀਆਂ ਹਨ ਪਰ ਹੁਣ ਮਾਹੀ ਨੇ ਇਨ੍ਹਾਂ ਖਬਰਾਂ ‘ਤੇ ਬ੍ਰੇਕ ਲਗਾ ਦਿੱਤੀ ਹੈ।