ਪੁੰਛ ਅੱਤਵਾਦੀ ਹਮਲੇ ‘ਚ ਸ਼ਹੀਦ ਜਵਾਨਾਂ ਦੇ ਵਾਰਸਾਂ ਨੂੰ ਇੱਕ-ਇੱਕ ਕਰੋੜ ਰੁ. ਦੇਵੇਗੀ ਮਾਨ ਸਰਕਾਰ

ਜੰਮੂ-ਕਸ਼ਮੀਰ ਦੇ ਪੁੰਛ ‘ਚ ਅੱਤਵਾਦੀ ਹਮਲੇ ‘ਚ ਸ਼ਹੀਦ ਹੋਏ ਪੰਜਾਬ ਦੇ ਚਾਰ ਸ਼ਹੀਦ ਜਵਾਨਾਂ ਦੇ ਪਰਿਵਾਰਾਂ ਨੂੰ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਨੇ ਇਕ-ਇਕ ਕਰੋੜ ਰੁਪਏ ਦੇਵੇਗੀ। ਇਸ ਦਾ ਐਲਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਕੀਤਾ ਹੈ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਤਵਾਦੀ ਹਮਲੇ ਵਿਚ ਸ਼ਹੀਦ ਹੋਏ ਫੌਜੀਆਂ ਨੂੰ ਸ਼ਰਧਾਂਜਲੀ ਦਿੱਤੀ ਹੈ। ਟਵੀਟ ਕਰਦਿਆਂ CM ਮਾਨ ਨੇ ਲਿਖਿਆ ਕਿ -ਰਾਸ਼ਟਰੀ ਰਾਈਫਲਜ਼ ਦੇ ਪੰਜ ਜਵਾਨ ਜਿਨ੍ਹਾਂ ਵਿਚੋਂ ਚਾਰ ਜਵਾਨ ਪੰਜਾਬ ਤੋਂ ਸਨ, ਇਕ ਅੱਤਵਾਦੀ ਹਮਲੇ ਵਿਚ ਸ਼ਹੀਦ… “ਸਰਹੱਦਾਂ ਦੇ ਰਖਵਾਲੇ ਅਮਰ ਰਹਿਣ … ਪਰਿਵਾਰਾਂ ਨੂੰ ਵਾਹਿਗੁਰੂ ਭਾਣਾ ਮੰਨਣ ਦਾ ਬਲ ਬਖ਼ਸ਼ੇ, ਪ੍ਰਣਾਮ ਸ਼ਹੀਦਾਂ ਨੂੰ”। ਦੱਸ ਦੇਈਏ ਕਿ ਜੰਮੂ-ਕਸ਼ਮੀਰ ਦੇ ਪੁੰਛ ਜ਼ਿਲ੍ਹੇ ਵਿਚ ਬੀਤੀ ਦੁਪਹਿਰ ਲਗਭਗ 3 ਵਜੇ ਫੌਜ ਦੇ ਟਰੱਕ ‘ਤੇ ਅੱਤਵਾਦੀਆਂ ਨੇ ਹਮਲਾ ਕੀਤਾ ਜਿਸਦੇ ਬਾਅਦ ਟਰੱਕ ਵਿਚ ਅੱਗ ਲੱਗ ਗਈ। ਹਾਦਸੇ ਵਿਚ ਪੰਜਾਬ ਦੇ 4 ਜਵਾਨਾਂ ਸਣੇ 5 ਸ਼ਹੀਦ ਹੋ ਗਏ ਜਦੋਂ ਕਿ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਸ਼ਹੀਦ ਜਵਾਨਾਂ ਵਿੱਚ ਪੰਜਾਬ ਦੇ ਬਠਿੰਡਾ ਜ਼ਿਲ੍ਹੇ ਦੇ ਤਲਵੰਡੀ ਸਾਬੋ ਦੇ ਪਿੰਡ ਬਾਘਾ ਵਾਸੀ ਫੌਜੀ ਸੇਵਕ ਸਿੰਘ, ਲੁਧਿਆਣਾ ਦੀ ਤਹਿਸੀਲ ਪਾਇਲ ਦੇ ਪਿੰਡ ਚਨਕੋਈਆਂ ਕੈਕਨ ਦੇ ਹੌਲਦਾਰ ਮਨਦੀਪ ਸਿੰਘ, ਗੁਰਦਾਸਪੁਰ ਦੀ ਤਹਿਸਲੀ ਬਟਾਲਾ ਦੇ ਪਿੰਡ ਤਲਵੰਡੀ ਭਰਥ ਦੇ ਸਿਪਾਹੀ ਹਰਕਿਸ਼ਨ ਸਿੰਘ ਤੇ ਮੋਗਾ ਦੇ ਪਿੰਡ ਚਾਰਿਕ ਦੇ ਲਾਂਸਨਾਇਕ ਕੁਲਵੰਤ ਸ਼ਾਮਲ ਹਨ। ਉਥੇ ਹੀ ਪੰਜਵਾਂ ਜਵਾਨ ਦੇਬਾਸ਼ੀਸ਼ ਬਸਵਾਲ ਉੜੀਸਾ ਦੇ ਜ਼ਿਲ੍ਹਾ ਪੁਰੀ ਦੀ ਤਹਿਸੀਲ ਤੱਸਿਆਬਾਦੀ ਦੇ ਪਿੰਡ ਅਲਗਮ ਸਾਮਿਲ ਖੰਡਯਾਤ ਤੋਂ ਹੈ। ਸਾਰੇ ਜਵਾਨ ਰਾਸ਼ਟਰੀ ਰਾਈਫਲ ਯੂਨਿਟ ਤੋਂ ਸਨ। ਉਨ੍ਹਾਂ ਨੂੰ ਇਲਾਕੇ ਵਿੱਚ ਅੱਤਵਾਦ ਵਿਰੋਧੀ ਮੁਹਿੰਮ ਵਿੱਚ ਤਾਇਨਾਤ ਕੀਤਾ ਗਿਆ ਸੀ।

Leave a Reply

Your email address will not be published. Required fields are marked *