ਸੀਬੀਆਈ ਨੇ ਦਿੱਲੀ ਦੇ ਸ਼ਰਾਬ ਨੀਤੀ ਮਾਮਲੇ ਵਿਚ ਮੰਗਲਵਾਰ ਨੂੰ ਰਾਊਜ ਐਵੇਨਿਊ ਅਦਾਲਤ ਵਿਚ ਇੱਕ ਸਪਲੀਮੈਂਟਰੀ ਚਾਰਜਸ਼ੀਟ ਦਾਇਰ ਕੀਤੀ ਹੈ। ਜਿਸ ਵਿਚ ਸਾਬਕਾ ਡਿਪਟੀ ਸੀਐਮ ਮਨੀਸ਼ ਸਿਸੋਦੀਆ, ਬੁਚੀ ਬਾਬੂ, ਅਰਜੁਨ ਪਾਂਡੇ ਅਤੇ ਅਮਨਦੀਪ ਢੱਲ ਨੂੰ ਦੋਸ਼ੀ ਬਣਾਇਆ ਗਿਆ ਹੈ। ਇਸ ਤੋਂ ਪਹਿਲਾਂ ਕਿਸੇ ਵੀ ਚਾਰਜਸ਼ੀਟ ਵਿਚ ਸਿਸੋਦੀਆ ਦਾ ਨਾਂ ਨਹੀਂ ਸੀ। ਅਦਾਲਤ ਨੇ ਚਾਰਜਸ਼ੀਟ ਦੇ ਨੁਕਤਿਆਂ ‘ਤੇ ਬਹਿਸ ਲਈ 12 ਮਈ ਦੀ ਤਰੀਕ ਤੈਅ ਕੀਤੀ ਹੈ। ਮਨੀਸ਼ ਸਿਸੋਦੀਆ ਤੋਂ ਇਲਾਵਾ ਤੇਲੰਗਾਨਾ ਦੇ ਮੁੱਖ ਮੰਤਰੀ ਦੀ ਧੀ ਕਵਿਤਾ ਦਾ ਨਾਂ ਵੀ ਸ਼ਾਮਲ ਹੈ। ਫਿਲਹਾਲ ਸਿਸੋਦੀਆ 1 ਮਈ ਤੱਕ ਨਿਆਇਕ ਹਿਰਾਸਤ ‘ਚ ਹਨ। ਐਕਸਾਈਜ਼ ਮਾਮਲੇ ‘ਚ ਮਨੀਸ਼ ਸਿਸੋਦੀਆ ਨੂੰ ਸੀਬੀਆਈ ਨੇ 8 ਘੰਟੇ ਦੀ ਪੁੱਛਗਿੱਛ ਤੋਂ ਬਾਅਦ 26 ਫਰਵਰੀ ਨੂੰ ਗ੍ਰਿਫ਼ਤਾਰ ਕੀਤਾ ਸੀ। ਸੂਤਰਾਂ ਨੇ ਦੱਸਿਆ ਕਿ ਏਜੰਸੀ ਮਾਮਲੇ ‘ਚ ਹੋਰ ਦੋਸ਼ੀਆਂ ਦੀ ਭੂਮਿਕਾ ‘ਤੇ ਹੋਰ ਜਾਂਚ ਜਾਰੀ ਰੱਖ ਰਹੀ ਹੈ। ਸੀਬੀਆਈ ਨੇ ਪੰਜ ਮਹੀਨੇ ਪਹਿਲਾਂ ਰਾਊਜ਼ ਐਵੇਨਿਊ ਅਦਾਲਤ ਵਿਚ ਸ਼ਰਾਬ ਨੀਤੀ ਮਾਮਲੇ ਵਿਚ 7 ਮੁਲਜ਼ਮਾਂ ਖ਼ਿਲਾਫ਼ 10,000 ਪੰਨਿਆਂ ਦੀ ਚਾਰਜਸ਼ੀਟ ਦਾਖ਼ਲ ਕੀਤੀ ਸੀ। ਇਸ ਵਿਚ ਸਿਸੋਦੀਆ ਦਾ ਨਾਮ ਨਹੀਂ ਸੀ। ਸੀਬੀਆਈ ਦੀ ਚਾਰਜਸ਼ੀਟ ਵਿਚ ਦੋ ਗ੍ਰਿਫ਼ਤਾਰ ਕਾਰੋਬਾਰੀ, ਇੱਕ ਨਿਊਜ਼ ਚੈਨਲ ਦਾ ਮੁਖੀ, ਹੈਦਰਾਬਾਦ ਦਾ ਇੱਕ ਸ਼ਰਾਬ ਕਾਰੋਬਾਰੀ, ਦਿੱਲੀ ਦਾ ਇੱਕ ਸ਼ਰਾਬ ਵਿਤਰਕ ਅਤੇ ਆਬਕਾਰੀ ਵਿਭਾਗ ਦੇ ਦੋ ਅਧਿਕਾਰੀ ਸ਼ਾਮਲ ਹਨ। ਵਿਜੇ ਨਾਇਰ, ਅਭਿਸ਼ੇਕ ਬੋਇਨਪੱਲੀ, ਅਰੁਣ ਪਿੱਲੈ, ਸਮੀਰ ਮਹਿੰਦਰੂ, ਗੌਤਮ ਮੁਥਾ, ਕੁਲਦੀਪ ਸਿੰਘ ਅਤੇ ਨਰਿੰਦਰ ਸਿੰਘ ਨੂੰ ਚਾਰਜਸ਼ੀਟ ਵਿੱਚ ਨਾਮਜ਼ਦ ਕੀਤਾ ਗਿਆ ਹੈ।