ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਅਤੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦਾ ਦੇਹਾਂਤ ਹੋ ਗਿਆ। ਉਹ 95 ਸਾਲ ਦੇ ਸਨ ਅਤੇ ਮੰਗਲਵਾਰ ਦੇਰ ਸ਼ਾਮ ਨੂੰ ਉਨ੍ਹਾਂ ਮੁਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਆਖ਼ਰੀ ਸਾਹ ਲਏ। ਉਹ ਪਿਛਲੇ ਬੁੱਧਵਾਰ ਤੋਂ ਹਸਪਤਾਲ ਦੇ ਮੈਡੀਕਲ ਆਈਸੀਯੂ ਵਿੱਚ ਦਾਖ਼ਲ ਸਨ। ਉਹ ਦਿਲ ਦੇ ਰੋਗ ਤੋਂ ਪੀੜਤ ਸਨ ਅਤੇ ਕੁਝ ਦਿਨਾਂ ਤੋਂ ਉਨ੍ਹਾਂ ਨੂੰ ਸਾਹ ਲੈਣ ਵਿੱਚ ਮੁਸ਼ਕਲ ਹੋ ਰਹੀ ਸੀ। ਉਧਰ, ਪੰਜਾਬ ਸਰਕਾਰ ਨੇ ਸੋਗ ਵਜੋਂ ਕੱਲ੍ਹ 27 ਅਪਰੈਲ ਨੂੰ ਸੂਬੇ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਕੱਲ੍ਹ ਵੀਰਵਾਰ ਨੂੰ ਸੂਬੇ ਦੇ ਸਾਰੇ ਸਰਕਾਰੀ ਦਫਤਰ, ਬੋਰਡ, ਕਾਰਪੋਰੇਸ਼ਨਾਂ ਤੇ ਵਿੱਦਿਅਕ ਅਦਾਰਿਆਂ ਵਿਚ ਛੁੱਟੀ ਦਾ ਐਲਾਨ ਕੀਤਾ ਹੈ। ਉਧਰ, ਕੇਂਦਰ ਸਰਕਾਰ ਨੇ ਰਾਸ਼ਟਰੀ ਸੋਗ ਦਾ ਐਲਾਨ ਕੀਤਾ ਹੈ। ਇਸੇ ਤਰ੍ਹਾਂ ਰਾਜ ਸਰਕਾਰਾਂ ਆਪੋ-ਆਪਣੇ ਰਾਜਾਂ ਵਿੱਚ ਰਾਜ ਦੇ ਸੋਗ ਦਿਵਸ ਦਾ ਐਲਾਨ ਕਰ ਸਕਦੀਆਂ ਹਨ। ਰਾਸ਼ਟਰੀ ਸੋਗ ਦੌਰਾਨ ਝੰਡਾ ਅੱਧਾ ਝੁਕਾਇਆ ਜਾਂਦਾ ਹੈ।