ਫੌਜ ‘ਚ ਪਹਿਲੀ ਵਾਰ ਆਰਟਿਲਰੀ ਰੈਜੀਮੈਂਟ ‘ਚ ਮਹਿਲਾ ਅਫ਼ਸਰ ਸ਼ਾਮਲ, ਚਲਾਉਣਗੀਆਂ ਤੋਪ ਤੇ ਰਾਕੇਟ

ਭਾਰਤੀ ਫੌਜ ਨੇ ਆਰਟਿਲਰੀ ਰੈਜੀਮੈਂਟ ‘ਚ ਮਹਿਲਾ ਅਧਿਕਾਰੀਆਂ ਦੇ ਪਹਿਲੇ ਬੈਚ ਨੂੰ ਇਜਾਜ਼ਤ ਦੇ ਕੇ ਔਰਤਾਂ ਦੀ ਭੂਮਿਕਾ ਨੂੰ ਵਧਾ ਦਿੱਤਾ ਹੈ। ਸ਼ਨਿੱਚਰਵਾਰ ਨੂੰ ਚੇਨਈ ਵਿੱਚ ਆਫਿਸਰਜ਼ ਟਰੇਨਿੰਗ ਅਕੈਡਮੀ (OTA) ਵਿੱਚ ਇੱਕ ਲੰਬੇ ਅਤੇ ਔਖੇ ਟਰੇਨਿੰਗ ਸੈਸ਼ਨ ਨੂੰ ਸਫਲਤਾਪੂਰਵਕ ਪੂਰਾ ਕਰਨ ਤੋਂ ਬਾਅਦ ਪੰਜ ਮਹਿਲਾ ਅਫਸਰਾਂ ਨੂੰ ਰੇਜੀਮੈਂਟ ਆਫ ਆਰਟਿਲਰੀ ਵਿੱਚ ਸ਼ਾਮਲ ਕੀਤਾ ਗਿਆ। ਆਰਟਿਲਰੀ ਰੈਜੀਮੈਂਟ ਰਾਹੀਂ ਕਮਿਸ਼ਨਡ ਇਨ੍ਹਾਂ ਪੰਜ ਮਹਿਲਾ ਅਫਸਰਾਂ (ਡਬਲਯੂ.ਓ.) ਨੂੰ ਉਨ੍ਹਾਂ ਦੇ ਪੁਰਸ਼ ਹਮਰੁਤਬਾ ਦੇ ਬਰਾਬਰ ਮੌਕੇ ਮਿਲਣਗੇ। ਇਸ ਰੈਜੀਮੈਂਟ ਵਿੱਚ 19 ਪੁਰਸ਼ ਅਧਿਕਾਰੀ ਵੀ ਸ਼ਾਮਲ ਕੀਤੇ ਗਏ ਹਨ। ਇਨ੍ਹਾਂ ਮਹਿਲਾ ਅਫਸਰਾਂ ਨੂੰ ਹਰ ਤਰ੍ਹਾਂ ਦੇ ਤੋਪਖਾਨੇ ਦੇ ਯੂਨਿਟਾਂ ਵਿੱਚ ਤਾਇਨਾਤ ਕੀਤਾ ਗਿਆ ਹੈ, ਜੋ ਚੁਣੌਤੀਪੂਰਨ ਸਥਿਤੀਆਂ ਨਾਲ ਨਜਿੱਠਣ ਲਈ ਤਿਆਰ ਰਹਿਣਗੀਆਂ। ਉਨ੍ਹਾਂ ਨੂੰ ਰਾਕੇਟ, ਮੀਡੀਅਮ, ਫੀਲਡ ਅਤੇ ਸਰਵੀਲੈਂਸ ਐਂਡ ਟਾਰਗੇਟ ਐਕਵਿਜ਼ੀਸ਼ਨ (SATA) ਅਤੇ ਔਖੇ ਸਮੇਂ ਵਿੱਚ ਸਾਜ਼ੋ-ਸਾਮਾਨ ਨੂੰ ਸੰਭਾਲਣ ਲਈ ਲੋੜੀਂਦੀ ਸਿਖਲਾਈ ਅਤੇ ਐਕਸਪੋਜ਼ਰ ਮਿਲੇਗਾ। ਪੰਜ ਮਹਿਲਾ ਅਫ਼ਸਰਾਂ ਵਿੱਚੋਂ ਤਿੰਨ ਨੂੰ ਉੱਤਰੀ ਸਰਹੱਦਾਂ ’ਤੇ ਤਾਇਨਾਤ ਕੀਤਾ ਗਿਆ ਹੈ। ਦੱਸ ਦੇਈਏ ਕਿ ਲੈਫਟੀਨੈਂਟ ਮਹਿਕ ਸੈਣੀ ਨੂੰ SATA ਰੈਜੀਮੈਂਟ ਵਿੱਚ, ਲੈਫਟੀਨੈਂਟ ਸਾਕਸ਼ੀ ਦੂਬੇ ਅਤੇ ਲੈਫਟੀਨੈਂਟ ਅਦਿਤੀ ਯਾਦਵ ਨੂੰ ਇੱਕ ਫੀਲਡ ਰੈਜੀਮੈਂਟ ਵਿੱਚ, ਲੈਫਟੀਨੈਂਟ ਪਵਿੱਤਰਾ ਮੌਦਗਿਲ ਨੂੰ ਇੱਕ ਮੱਧਮ ਰੈਜੀਮੈਂਟ ਵਿੱਚ ਅਤੇ ਲੈਫਟੀਨੈਂਟ ਅਕਾਂਕਸ਼ਾ ਨੂੰ ਇੱਕ ਰਾਕੇਟ ਰੈਜੀਮੈਂਟ ਵਿੱਚ ਕਮਿਸ਼ਨ ਮਿਲਿਆ ਹੈ। ਪਾਸਿੰਗ ਆਊਟ ਪਰੇਡ ਦੀ ਸਮਾਪਤੀ ਤੋਂ ਬਾਅਦ, ਮਹਿਲਾ ਕੈਡਿਟਾਂ ਨੇ ਸੰਵਿਧਾਨ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕੀ ਅਤੇ ਉਨ੍ਹਾਂ ਦੇ ਰੈਂਕ ਦਾ ਚਿੰਨ੍ਹ ਪ੍ਰਾਪਤ ਕੀਤਾ, ਜੋ ਕਿ ਆਰਟਿਲਰੀ ਰੈਜੀਮੈਂਟ ਵਿੱਚ ਉਨ੍ਹਾਂ ਦੇ ਦਾਖਲੇ ਦਾ ਪ੍ਰਤੀਕ ਸੀ। ਪ੍ਰੋਗਰਾਮ ਵਿੱਚ ਲੈਫਟੀਨੈਂਟ ਜਨਰਲ ਅਦੋਸ਼ ਕੁਮਾਰ, ਕਰਨਲ ਕਮਾਂਡੈਂਟ ਅਤੇ ਤੋਪਖਾਨੇ ਦੇ ਡਾਇਰੈਕਟਰ ਜਨਰਲ (ਨਿਯੁਕਤ) ਸਮੇਤ ਸੀਨੀਅਰ ਅਧਿਕਾਰੀਆਂ ਨੇ ਹਿੱਸਾ ਲਿਆ। ਤੁਹਾਨੂੰ ਦੱਸ ਦੇਈਏ ਕਿ ਆਰਟੀਲਰੀ ਰੈਜੀਮੈਂਟ ਵਿੱਚ ਮਹਿਲਾ ਅਧਿਕਾਰੀਆਂ ਦੀ ਕਮਿਸ਼ਨਿੰਗ ਭਾਰਤੀ ਫੌਜ ਵਿੱਚ ਚੱਲ ਰਹੇ ਬਦਲਾਅ ਦਾ ਇੱਕ ਵੱਡਾ ਹਿੱਸਾ ਹੈ। ਰਿਪੋਰਟ ਮੁਤਾਬਕ ਸਾਲ ਦੀ ਸ਼ੁਰੂਆਤ ‘ਚ ਯਾਨੀ ਜਨਵਰੀ ‘ਚ ਆਰਮੀ ਚੀਫ ਜਨਰਲ ਮਨੋਜ ਪਾਂਡੇ ਨੇ ਆਰਟੀਲਰੀ ‘ਚ ਮਹਿਲਾ ਅਧਿਕਾਰੀਆਂ ਨੂੰ ਕਮਿਸ਼ਨ ਦੇਣ ਦਾ ਫੈਸਲਾ ਕੀਤਾ ਸੀ। ਇਹ ਪੰਜ ਮਹਿਲਾ ਅਧਿਕਾਰੀਆਂ ਦਾ ਪਹਿਲਾ ਬੈਂਚ ਹੈ, ਜਿਨ੍ਹਾਂ ਨੂੰ ਤੋਪਖਾਨੇ ਵਿੱਚ ਕਮਿਸ਼ਨ ਦਿੱਤਾ ਗਿਆ ਹੈ।

Leave a Reply

Your email address will not be published. Required fields are marked *