ਮੋਰਿੰਡਾ ਵਿੱਚ ਬੇਅਦਬੀ ਕਾਂਡ ਦੇ ਮੁਲਜ਼ਮ ਜਸਵੀਰ ਸਿੰਘ ਉਰਫ਼ ਜੱਸੀ ਦੀ ਮੌਤ ਹੋ ਗਈ ਹੈ। ਜਸਵੀਰ ਮਾਨਸਾ ਦੀ ਤਾਮਕੋਟ ਜੇਲ੍ਹ ਵਿੱਚ ਬੰਦ ਸੀ। ਦੱਸਿਆ ਜਾ ਰਿਹਾ ਹੈ ਕਿ ਛਾਤੀ ‘ਚ ਦਰਦ ਦੀ ਸ਼ਿਕਾਇਤ ਤੋਂ ਬਾਅਦ ਉਸ ਨੂੰ ਮਾਨਸਾ ਦੇ ਸਿਵਲ ਹਸਪਤਾਲ ਲਿਆਂਦਾ ਗਿਆ, ਜਿੱਥੇ ਇਲਾਜ ਦੌਰਾਨ ਉਸ ਦੀ ਮੌਤ ਹੋ ਗਈ। ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੂੰ 29 ਅਪ੍ਰੈਲ ਨੂੰ ਰੂਪਨਗਰ ਤੋਂ ਮਾਨਸਾ ਤਬਦੀਲ ਕਰ ਦਿੱਤਾ ਗਿਆ ਸੀ। ਫਿਲਹਾਲ ਜਸਵੀਰ ਦੀ ਲਾਸ਼ ਨੂੰ ਸਿਵਲ ਹਸਪਤਾਲ ‘ਚ ਰੱਖਿਆ ਗਿਆ ਹੈ। ਮੁਲਜ਼ਮ ਦੀ ਮੌਤ ਦਾ ਕਾਰਨ ਕੀ ਹੈ ਇਸ ‘ਤੇ ਅਜੇ ਵੀ ਸ਼ੱਕ ਹੈ। ਪੁਲਿਸ ਪ੍ਰਸ਼ਾਸਨ ਜਾਂਚ ਵਿੱਚ ਜੁਟਿਆ ਹੋਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸਐਸਪੀ ਨਾਨਕ ਸਿੰਘ ਨੇ ਦੱਸਿਆ ਕਿ ਮੁਲਜ਼ਮ ਨੂੰ ਬੀਤੀ ਸ਼ਾਮ 4 ਵਜੇ ਤਬੀਅਤ ਖਰਾਬ ਹੋਣ ਕਾਰਨ ਹਸਪਤਾਲ ਲਿਆਂਦਾ ਗਿਆ ਸੀ ਅਤੇ ਜਸਵੀਰ ਦੀ ਇਲਾਜ ਦੌਰਾਨ ਰਾਤ 9 ਵਜੇ ਮੌਤ ਹੋ ਗਈ। ਘਟਨਾ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ ਪਿਛਲੇ ਹਫ਼ਤੇ ਮੋਰਿੰਡਾ ਵਿੱਚ ਬੇਅਦਬੀ ਦੀ ਘਟਨਾ ਵਾਪਰੀ ਸੀ, ਜਿਸ ਨੂੰ ਲੈ ਕੇ ਪ੍ਰਦਰਸ਼ਨ ਵੀ ਕੀਤੇ ਗਏ ਸਨ। ਸਾਹਮਣੇ ਆਈ ਸੀਸੀਟੀਵੀ ਫੁਟੇਜ ਵਿੱਚ ਸਾਫ ਵਿਖਿਆ ਗਿਆ ਕਿ ਜਸਵੀਰ ਨੇ ਦੋ ਸਿੱਖ ਗ੍ਰੰਥੀਆਂ ਨਾਲ ਕੁੱਟਮਾਰ ਕੀਤੀ ਅਤੇ ਇਤਿਹਾਸਿਕ ਗੁਰਦੁਆਰਾ ਸਾਹਿਬ ‘ਚ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਵੀ ਕੀਤੀ। ਪੁਲਿਸ ਨੇ ਮੁਲਜ਼ਮ ਜਸਵੀਰ ਸਿੰਘ ਨੂੰ ਗ੍ਰਿਫ਼ਤਾਰ ਕਰਕੇ ਧਾਰਮਿਕ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਅਤੇ ਕਤਲ ਦੀ ਕੋਸ਼ਿਸ਼ ਦਾ ਕੇਸ ਦਰਜ ਕੀਤਾ ਸੀ। ਸੋਸ਼ਲ ਮੀਡੀਆ ‘ਤੇ ਵਾਇਰਲ ਹੋਈ ਸੀਸੀਟੀਵੀ ਵੀਡੀਓ ‘ਚ ਸਾਫ ਵੇਖਣ ਨੂੰ ਮਿਲਿਆ ਕਿ ਮੁਲਜ਼ਮ ਜਸਵੀਰ ਨੇ ਜੁੱਤੀ ਪਾ ਕੇ ਰੇਲਿੰਗ ਪਾਰ ਕੀਤੀ ਅਤੇ ਕੋਤਵਾਲੀ ਸਾਹਿਬ ਗੁਰਦੁਆਰੇ ਦੇ ਪਾਵਨ ਅਸਥਾਨ ਵਿੱਚ ਦਾਖਲ ਹੋਇਆ ਜਿੱਥੇ ਗੁਰੂ ਗ੍ਰੰਥ ਸਾਹਿਬ ਜੀ ਦਾ ਪ੍ਰਕਾਸ਼ ਹੋਇਆ ਸੀ ਅਤੇ ਸ੍ਰੀ ਅਖੰਡ ਪਾਠ ਜਾਰੀ ਸਨ। ਫਿਰ ਉਸਨੇ ਗੁਰੂ ਗ੍ਰੰਥ ਸਾਹਿਬ ਦਾ ਪਾਠ ਕਰ ਰਹੇ ਦੋ ਗ੍ਰੰਥੀਆਂ ਨੂੰ ਕੁੱਟਣਾ ਸ਼ੁਰੂ ਕਰਤਾ ਅਤੇ ਪਵਿੱਤਰ ਗ੍ਰੰਥ ਦੀ ਵੀ ਬੇਅਦਬੀ ਕੀਤੀ। ਜਸਵੀਰ ਸਿੰਘ ਜੋ ਇਲੈਕਟ੍ਰੀਸ਼ੀਅਨ ਦਾ ਕੰਮ ਕਰਦਾ ਸੀ ਨੂੰ ਬਾਅਦ ਵਿੱਚ ਗੁਰਦੁਆਰੇ ਵਿੱਚ ਮੌਜੂਦ ਸ਼ਰਧਾਲੂਆਂ ਨੇ ਫੜ ਲਿਆ ਅਤੇ ਪੁਲਿਸ ਹਵਾਲੇ ਕਰ ਦਿੱਤਾ ਗਿਆ। ਅਦਾਲਤ ਵਿੱਚ ਜਸਵੀਰ ਵੱਲ ਤਾਣਿਆ ਪਿਸਤੌਲ ਬੇਅਦਬੀ ਤੋਂ ਬਾਅਦ ਸੰਗਤ ਦੇ ਹੱਥੀਂ ਚੜ੍ਹੇ ਮੁਲਜ਼ਮ ਜਸਵੀਰ ਨੂੰ ਪੁਲਿਸ ਹਵਾਲੇ ਕਰਨ ਮਗਰੋਂ ਜਦੋਂ ਪੁਲਿਸ ਉਸਨੂੰ ਅਦਾਲਤ ‘ਚ ਪੇਸ਼ ਕਰਨ ਲੈਕੇ ਗਈ ਤਾਂ ਇਸ ਦੌਰਾਨ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਤੋਂ ਭਾਵੁਕ ਹੋਏ ਇੱਕ ਵਕੀਲ ਨੇ ਮੁਲਜ਼ਮ ਵੱਲ ਪਿਸਤੌਲ ਤਾਣ ਲਈ। ਜਿਸ ਤੋਂ ਬਾਅਦ ਕੋਰਟ ‘ਚ ਮਜੂਦ ਭੀੜ ਤਿੱਤਰ-ਬਿੱਤਰ ਹੋਣ ਲੱਗੀ। ਪਰ ਬੰਦੂਕ ‘ਚ ਗੋਲੀ ਅੜਨ ਕਰਕੇ ਫਾਇਰ ਨਹੀਂ ਹੋ ਪਾਇਆ ਅਤੇ ਮੁਲਜ਼ਮ ਦੀ ਜਾਨ ਬਚ ਗਈ। ਪੁਲਿਸ ਨੇ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮ ਵਕੀਲ ਨੂੰ ਫੜ ਲਿਆ। ਇਸ ਤੋਂ ਬਾਅਦ ਅਦਾਲਤ ਨੇ ਉਸ ਨੂੰ 14 ਦਿਨਾਂ ਲਈ ਨਿਆਂਇਕ ਹਿਰਾਸਤ ਵਿੱਚ ਭੇਜ ਦਿੱਤਾ ਅਤੇ ਜਸਵੀਰ ਨੂੰ ਮਾਨਸਾ ਜੇਲ੍ਹ ਭੇਜ ਦਿੱਤਾ ਗਿਆ।