ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣਗੇ ਗ੍ਰਹਿ ਮੰਤਰੀ ਅਮਿਤ ਸ਼ਾਹ

ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ‘ਚ ਸ਼ਾਮਲ ਹੋਣਗੇ। ਪੰਜ ਵਾਰ ਮੁੱਖ ਮੰਤਰੀ ਰਹਿ ਚੁੱਕੇ ਬਾਦਲ ਸਾਬ੍ਹ ਦੀ ਅੰਤਿਮ ਅਰਦਾਸ 4 ਮਈ ਨੂੰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਹੋਵੇਗੀ।
ਦੱਸ ਦਈਏ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਤੋਂ ਬਾਅਦ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਉਨ੍ਹਾਂ ਦੇ ਅੰਤਿਮ ਦਰਸ਼ਨਾਂ ਲਈ ਚੰਡੀਗੜ੍ਹ ਪੁੱਜੇ ਸਨ, ਜਦਕਿ ਭਾਜਪਾ ਦੇ ਕੌਮੀ ਪ੍ਰਧਾਨ ਜੇਪੀ ਨੱਢਾ ਸਰਦਾਰ ਪ੍ਰਕਾਸ ਸਿੰਘ ਬਾਦਲ ਦੇ ਅੰਤਿਮ ਸੰਸਕਾਰ ‘ਚ ਸ਼ਾਮਲ ਹੋਏ ਸਨ।

ਪਾਰਟੀ ਸੂਤਰਾਂ ਅਨੁਸਾਰ ਅਮਿਤ ਸ਼ਾਹ ਨੇ ਕਰਨਾਟਕ ਚੋਣਾਂ ‘ਚ ਰੁੱਝੇ ਹੋਣ ਦੇ ਬਾਵਜੂਦ ਇਹ ਪ੍ਰੋਗਰਾਮ ਬਣਾਇਆ ਹੈ। ਭਾਜਪਾ ਦੀ ਕੇਂਦਰੀ ਲੀਡਰਸ਼ਿਪ ਵੱਲੋਂ ਵੱਡੇ ਬਾਦਲ ਸਾਬ੍ਹ ਨੂੰ ਪੂਰਾ ਮਾਣ-ਸਤਿਕਾਰ ਦਿੱਤਾ ਜਾ ਰਿਹਾ ਹੈ, ਕਿਉਂਕਿ ਵੱਡੇ ਬਾਦਲ ਸਾਬ੍ਹ ਨੇ ਐਨ.ਡੀ.ਏ ਦੇ ਗਠਨ ‘ਚ ਅਹਿਮ ਭੂਮਿਕਾ ਨਿਭਾਈ ਹੈ।
ਸਿਆਸਤ ਦੇ ਬਾਬਾ ਬੋਹੜ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਸਰਪ੍ਰਸਤ ਮਰਹੂਮ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀਆਂ ਅਸਥੀਆਂ ਅੱਜ ਯਾਨੀਕਿ ਬੁੱਧਵਾਰ ਨੂੰ ਕੀਰਤਪੁਰ ਸਾਹਿਬ ਵਿਖੇ ਜਲ ਪ੍ਰਵਾਹ ਕੀਤੀਆਂ ਜਾਣਗੀਆਂ। ਪਿੰਡ ਬਾਦਲ ਤੋਂ ਉਨ੍ਹਾਂ ਦੇ ਪੁੱਤਰ ਸਰਦਾਰ ਸੁਖਬੀਰ ਬਾਦਲ ਅਤੇ ਪਰਿਵਾਰਕ ਮੈਂਬਰ ਉਨ੍ਹਾਂ ਦੀਆਂ ਅਸਥੀਆਂ ਲੈ ਕੇ ਪਿੰਡ ਬਾਦਲ ਤੋਂ ਕੀਰਤਪੁਰ ਸਾਹਿਬ ਲਈ ਨਿਕਲੇ ਹੋਏ ਹਨ।
ਦੱਸਣਯੋਗ ਹੈ ਕਿ ਬੀਤੀ 25 ਅਪ੍ਰੈਲ ਨੂੰ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ ਦਿਹਾਂਤ ਹੋ ਗਿਆ ਸੀ। 95 ਸਾਲਾ ਪ੍ਰਕਾਸ਼ ਬਾਦਲ ਨੇ ਮੋਹਾਲੀ ਦੇ ਫੋਰਟਿਸ ਹਸਪਤਾਲ ‘ਚ ਆਖਰੀ ਸਾਹ ਲਿਆ। ਸਾਹ ਦੀ ਤਕਲੀਫ਼ ਮਗਰੋਂ ਉਨ੍ਹਾਂ ਨੂੰ ਫੋਰਟਿਸ ਹਸਪਤਾਲ ‘ਚ ਦਾਖ਼ਲ ਕਰਵਾਇਆ ਗਿਆ ਸੀ। ਉਹ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹਿ ਚੁੱਕੇ ਹਨ। 27 ਅਪ੍ਰੈਲ ਨੂੰ ਪ੍ਰਕਾਸ਼ ਸਿੰਘ ਬਾਦਲ ਅੰਤਿਮ ਸੰਸਕਾਰ ਉਨ੍ਹਾਂ ਦੇ ਜੱਦੀ ਪਿੰਡ ਬਾਦਲ ਵਿਖੇ ਕੀਤਾ ਗਿਆ।
ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ਪ੍ਰੋਗਰਾਮ ਦੀਆਂ ਤਿਆਰੀਆਂ ਜ਼ੋਰਾਂ ‘ਤੇ ਹਨ। ਬਾਦਲ ਸਾਬ੍ਹ ਦੀ ਅੰਤਿਮ ਅਰਦਾਸ ਦਾ ਪ੍ਰੋਗਰਾਮ 4 ਮਈ ਦਿਨ ਵੀਰਵਾਰ ਨੂੰ ਪਿੰਡ ਬਾਦਲ ਸਥਿਤ ਮਾਤਾ ਜਸਵੰਤ ਕੌਰ ਮੈਮੋਰੀਅਲ ਸਕੂਲ ਵਿਖੇ ਰੱਖਿਆ ਗਿਆ ਹੈ। ਮੰਗਲਵਾਰ ਨੂੰ ਡਿਪਟੀ ਕਮਿਸ਼ਨਰ ਵਿਨੀਤ ਕੁਮਾਰ ਅਤੇ ਐਸਐਸਪੀ ਹਰਮਨਬੀਰ ਸਿੰਘ ਗਿੱਲ ਨੇ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਦੇ ਨਾਲ ਹੀ ਪ੍ਰੋਗਰਾਮ ‘ਚ ਹਿੱਸਾ ਲੈਣ ਵਾਲਿਆਂ ਲਈ ਰੂਟ ਪਲਾਨ ਵੀ ਜਾਰੀ ਕੀਤਾ ਗਿਆ ਹੈ।
ਇਹ ਹੋਵੇਗਾ ਰੂਟ ਪਲਾਨ
ਡੀਸੀ ਵਿਨੀਤ ਕੁਮਾਰ ਨੇ ਦੱਸਿਆ ਕਿ ਬਠਿੰਡਾ ਤੋਂ ਆਉਣ ਵਾਲੇ ਲੋਕਾਂ ਲਈ ਪਿੰਡ ਬਾਦਲ ਦੇ ਅੱਗੇ ਸੱਜੇ ਅਤੇ ਖੱਬੇ ਪਾਸੇ ਖੇਤਾਂ ‘ਚ 60 ਏਕੜ ਜ਼ਮੀਨ ‘ਚ ਪਾਰਕਿੰਗ ਦਾ ਪ੍ਰਬੰਧ ਕੀਤਾ ਗਿਆ ਹੈ। ਜਿੱਥੇ ਲੋਕ ਗੱਡੀਆਂ ਪਾਰਕ ਕਰ ਸਕਦੇ ਹਨ।

ਇਸੇ ਤਰ੍ਹਾਂ ਲੰਬੀ, ਖਿਉਵਾਲੀ ਅਤੇ ਮਹਿਣਾ ਪਿੰਡਾਂ ਤੋਂ ਆਉਣ ਵਾਲੇ ਵਾਹਨ ਸਰਕਾਰੀ ਪਸ਼ੂ ਹਸਪਤਾਲ, ਜੀਜੀਐਸ ਸਟੇਡੀਅਮ ਤੋਂ ਲੰਘਦੇ ਹੋਏ ਮਾਤਾ ਕੋ ਜਸਵੰਤ ਕੌਰ ਮੈਮੋਰੀਅਲ ਸਕੂਲ ਦੇ ਪਿਛਲੇ ਪਾਸੇ ਪਹੁੰਚ ਕੇ, ਮਿਠੜੀ ਰੋਡ ‘ਤੇ ਪਾਰਕਿੰਗ ‘ਚ ਵਾਹਨ ਪਾਰਕ ਕਰ ਸਕਦੇ ਹਨ ਅਤੇ ਲੰਗਰ ਵਾਲੀ ਥਾਂ ਤੋਂ ਲੰਘਦੇ ਹੋਏ ਪੰਡਾਲ ਵਿੱਚ ਪਹੁੰਚ ਸਕਦੇ ਹੋ। ਪਿੰਡ ਸਿੰਘੇਵਾਲਾ ਤੋਂ ਆਉਣ ਵਾਲੇ ਵਾਹਨ ਮਿਠੜੀ ਰੋਡ ਦੀ ਪਾਰਕਿੰਗ ਵਿੱਚ ਜਾ ਸਕਦੇ ਹਨ।
ਪੜ੍ਹੋ ਪੂਰਾ ਰੂਟ ਪਲਾਨ: Parkash Singh Badal Antim Ardas: ਸਾਬਕਾ ਮੁੱਖ ਮੰਤਰੀ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੀ ਅੰਤਿਮ ਅਰਦਾਸ ‘ਚ ਸ਼ਾਮਿਲ ਹੋਣ ਲਈ ਇਹ ਹੋਵੇਗਾ ਰੂਟ ਪਲਾਨ
ਰਾਜਨੀਤਿਕ ਸਫ਼ਰ ਦੀ ਸ਼ੁਰੂਆਤ ਤੇ ਅਕਾਲੀ ਦਲ ‘ਚ ਸ਼ਾਮਲ ਹੋਣਾ
ਸਾਲ 1947 ਵਿੱਚ ਰਾਜਨੀਤੀ ਵਿੱਚ ਸਰਦਾਰ ਬਾਦਲ ਦੀ ਪਹਿਲੀ ਸ਼ੁਰੂਆਤ ਹੋਈ ਜਦੋਂ ਉਹ ਆਪਣੇ ਪਿੰਡ ਬਾਦਲ ਵਿੱਚ ਆਗੂ ਚੁਣੇ ਗਏ। 1957 ਵਿੱਚ ਉਹ ਇੰਡੀਅਨ ਨੈਸ਼ਨਲ ਕਾਂਗਰਸ ਦੇ ਮੈਂਬਰ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ। ਪਰ ਪੰਜਾਬ ਦੇ ਤਤਕਾਲੀ ਮੁੱਖ ਮੰਤਰੀ ਪ੍ਰਤਾਪ ਸਿੰਘ ਕੈਰੋਂ ਨਾਲ ਮਤਭੇਦਾਂ ਕਾਰਨ ਕੁਝ ਸਾਲਾਂ ਬਾਅਦ ਪਾਰਟੀ ਛੱਡ ਕੇ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਸਨ।
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਆਪਣਾ ਸਿਆਸੀ ਜੀਵਨ 1947 ਵਿੱਚ ਸ਼ੁਰੂ ਕੀਤਾ। ਸਭ ਤੋਂ ਪਹਿਲਾਂ ਉਹ ਪਿੰਡ ਬਾਦਲ ਦੇ ਸਰਪੰਚ ਚੁਣੇ ਗਏ ਸਨ ਅਤੇ ਬਾਅਦ ਵਿੱਚ ਲੰਬੀ ਦੀ ਬਲਾਕ ਸੰਮਤੀ ਦੇ ਚੇਅਰਮੈਨ ਬਣੇ। ਉਹ ਪਹਿਲੀ ਵਾਰ 1957 ਵਿਚ ਸ਼੍ਰੋਮਣੀ ਅਕਾਲੀ ਦਲ ਦੀ ਸਿਆਸੀ ਪਾਰਟੀ ਦੇ ਮੈਂਬਰ ਵਜੋਂ ਪੰਜਾਬ ਵਿਧਾਨ ਸਭਾ ਲਈ ਚੁਣੇ ਗਏ ਸਨ। 1969 ਵਿੱਚ ਭਾਈਚਾਰਕ ਵਿਕਾਸ, ਪੰਚਾਇਤੀ ਰਾਜ, ਪਸ਼ੂ ਪਾਲਣ, ਡੇਅਰੀ ਅਤੇ ਮੱਛੀ ਪਾਲਣ ਮੰਤਰੀ ਵਜੋਂ ਦੁਬਾਰਾ ਚੁਣੇ ਗਏ ਸਨ।
ਸਾਲ 1972, 1980 ਅਤੇ 2002 ਵਿੱਚ ਵਿਰੋਧੀ ਧਿਰ ਦੇ ਨੇਤਾ ਵਜੋਂ ਸੇਵਾ ਨਿਭਾਈ। 1957 ਵਿੱਚ ਇੱਕ ਵਾਰ ਅਤੇ 1969 ਤੋਂ ਬਾਅਦ ਹਰ ਚੋਣ ਵਿੱਚ ਇੱਕ ਵਾਰ ਵਿਧਾਨ ਸਭਾ ਲਈ ਚੁਣੇ ਗਏ, ਫਰਵਰੀ 1992 ਦੀਆਂ ਚੋਣਾਂ ਨੂੰ ਛੱਡ ਕੇ, ਜਿਸ ਵਿੱਚ ਉਨ੍ਹਾਂ ਅਕਾਲੀਆਂ ਦੁਆਰਾ ਰਾਜ ਚੋਣਾਂ ਦੇ ਬਾਈਕਾਟ ਦੀ ਅਗਵਾਈ ਕੀਤੀ ਸੀ।
ਸਾਲ 1997 ਦੀਆਂ ਚੋਣਾਂ ਵਿੱਚ ਉਹ ਲੰਬੀ ਵਿਧਾਨ ਸਭਾ ਹਲਕੇ ਤੋਂ ਜਿੱਤੇ ਅਤੇ ਚਾਰ ਵਾਰ ਲਗਾਤਾਰ ਜੇਤੂ ਰਹੇ। ਉਹ 1977 ਵਿੱਚ ਪ੍ਰਧਾਨ ਮੰਤਰੀ ਮੋਰਾਰਜੀ ਦੇਸਾਈ ਦੀ ਸਰਕਾਰ ਵਿੱਚ ਇੱਕ ਕੇਂਦਰੀ ਮੰਤਰੀ ਰਹੇ ਤੇ ਖੇਤੀਬਾੜੀ ਅਤੇ ਸਿੰਚਾਈ ਮੰਤਰੀ ਵਜੋਂ ਸੇਵਾ ਨਿਭਾਈ।
ਸਭ ਤੋਂ ਲੰਬੇ ਸਿਆਸੀ ਕੈਦੀ ਵਜੋਂ ਦੂਜੇ ਸਥਾਨ ‘ਤੇ
ਕੀ ਤੁਸੀਂ ਜਾਣਦੇ ਹੋ ਕਿ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੱਖਣੀ ਅਫ਼ਰੀਕਾ ਦੇ ਨਸਲੀ ਵਿਤਕਰੇ ਵਿਰੋਧੀ ਨੇਤਾ ਨੈਲਸਨ ਮੰਡੇਲਾ ਤੋਂ ਬਾਅਦ ਦੁਨੀਆ ਦੇ ਸਭ ਤੋਂ ਲੰਬੇ ਸਿਆਸੀ ਕੈਦੀ ਹਨ? 2015 ਵਿੱਚ ਜੈ ਪ੍ਰਕਾਸ਼ ਨਰਾਇਣ ਦੀ 113ਵੀਂ ਜਯੰਤੀ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਪ੍ਰਕਾਸ਼ ਸਿੰਘ ਬਾਦਲ ਦੀ ਮੌਜੂਦਗੀ ਵਿੱਚ ਉਨ੍ਹਾਂ ਨੂੰ ‘ਭਾਰਤ ਦੇ ਨੈਲਸਨ ਮੰਡੇਲਾ’ ਵਜੋਂ ਸੰਬੋਧਨ ਕੀਤਾ ਸੀ। ਸਰਦਾਰ ਬਾਦਲ ਨੇ ਆਪਣੀ ਜ਼ਿੰਦਗੀ ਦੇ ਲਗਭਗ 15-17 ਸਾਲ ਇੱਕ ਸਿਆਸੀ ਕੈਦੀ ਵਜੋਂ ਜੇਲ੍ਹਾਂ ਵਿੱਚ ਬਿਤਾਏ।
ਖੇਤੀ ਕਾਨੂੰਨ ਬਣਿਆ ਭਾਜਪਾ ਦੇ ਵੱਖ ਹੋਣ ਦਾ ਕਾਰਨ
ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਖੇਤੀ ਕਾਨੂੰਨਾਂ ਵਿਰੁੱਧ ਕਿਸਾਨ ਅੰਦੋਲਨ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਸੀ। ਉਨ੍ਹਾਂ ਨੇ ਲਿਖਿਆ ਸੀ ਕਿ ਇਹ ਵਿਸ਼ਵਾਸ ਕਰਨਾ ਬਹੁਤ ਮੁਸ਼ਕਲ ਹੈ ਕਿ ਇੰਨੇ ਵੱਡੇ ਬਹੁਮਤ ਵਾਲੀ ਸਰਕਾਰ ਫੈਸਲੇ ਲੈਣ ਵਿੱਚ ਅਸਫਲਤਾ ਨੂੰ ਰੋਕਣ ਦੇ ਯੋਗ ਨਹੀਂ ਹੈ। ਇਸ ਤੋਂ ਬਾਅਦ ਅਕਾਲੀ ਦਲ ਅਤੇ ਭਾਜਪਾ ਵਿਚਾਲੇ 4 ਦਹਾਕੇ ਤੱਕ ਚਲਣ ਵਾਲੇ ਰਿਸ਼ਤੇ ਟੁੱਟ ਗਏ ਅਤੇ ਬਾਦਲ ਪਰਿਵਾਰ ਦੀ ਨੂੰਹ ਹਰਸਿਮਰਤ ਕੌਰ ਬਾਦਲ ਨੇ ਕੇਂਦਰੀ ਮੰਤਰੀ ਦੇ ਅਹੁਦੇ ਤੋਂ ਵੀ ਅਸਤੀਫਾ ਦੇ ਦਿੱਤਾ, ਉਹ ਉਸ ਵੇਲੇ ਕੇਂਦਰ ‘ਚ ਫੂਡ ਪ੍ਰੋਸੈਸਿੰਗ ਮੰਤਰੀ ਸਨ।

Leave a Reply

Your email address will not be published. Required fields are marked *