ਪੰਜਾਬੀ ਗਾਇਕ ਤੇ ਅਦਾਕਾਰ ਦਿਲਜੀਤ ਦੁਸਾਂਝ ਇੰਨ੍ਹੀਂ ਦਿਨੀਂ ਖੂਬ ਸੁਰਖੀਆਂ ਵਿੱਚ ਹਨ । ਹਾਲ ਹੀ ਵਿੱਚ ਦਿਲਜੀਤ ਦੁਸਾਂਝ ਕੈਲੀਫੋਰਨੀਆ ਦੇ ਕੋਚੈਲਾ ਮਿਊਜ਼ਿਕ ਫੈਸਟੀਵਲ ਵਿੱਚ ਨਜ਼ਰ ਆਏ ਸਨ । ਜਿੱਥੇ ਉਨ੍ਹਾਂ ਨੇ ਆਪਣੀ ਧਮਾਕੇਦਾਰ ਪਰਫਾਰਮੈਂਸ ਦੇ ਨਾਲ ਪੂਰੀ ਦੁਨੀਆ ਵਿੱਚ ਖੂਬ ਸੁਰਖੀਆਂ ਬਟੋਰੀਆਂ । ਇਸੇ ਵਿਚਾਲੇ ਦਿਲਜੀਤ ਦੁਸਾਂਝ ਦੀ ਇੱਕ ਪੁਰਾਣੀ ਵੀਡੀਓ ਸੋਸ਼ਲ ਮੀਡੀਆ ‘ਤੇ ਛਾਈ ਹੋਈ ਹੈ। ਇਸ ਵੀਡੀਓ ਵਿੱਚ ਉਹ ਇੱਕ ਗਾਇਕੀ ਰਿਐਲਟੀ ਸ਼ੋਅ ਦੇ ਜੱਜ ਬਣੇ ਨਜ਼ਰ ਆ ਰਹੇ ਹਨ । ਇਸ ਦੌਰਾਨ ਉਹ ਇੱਕ ਪ੍ਰਤੀਭਾਗੀ ਨਾਲ ਗੱਲਬਾਤ ਕਰਦੇ ਕਹਿੰਦੇ ਹਨ ਕਿ ਜਿਹੜੇ ਮਾਪੇ ਆਪਣੀ ਧੀ ਦੇ ਵਿਆਹ ਲਈ 3 ਏਕੜ ਵਿੱਚੋਂ 2 ਏਕੜ ਜ਼ਮੀਨ ਗਿਰਵੀ ਰੱਖ ਕੇ ਉਸ ਦਾ ਵਿਆਹ ਕਰਦੇ ਹਨ, ਅਜਿਹੇ ਮਾਪਿਆਂ ਦਾ ਦੇਣਾ ਤੁਸੀਂ ਸਾਰੀ ਜ਼ਿੰਦਗੀ ਨਹੀਂ ਦੇ ਸਕਦੇ। ਉਨ੍ਹਾਂ ਕਿਹਾ ਕਿ ਦਾਜ ਦਾ ਮੁੱਦਾ ਬਹੁਤ ਹੀ ਜ਼ਿਆਦਾ ਗੰਭੀਰ ਹੈ । ਮੈਂ ਖੁਦ ਵਿਆਹਾਂ ਵਿੱਚ ਗਾਉਂਦਾ ਹਾਂ, ਪਰ ਅਜਿਹੇ ਵਿਆਹ ਵਿੱਚ ਗਾ ਕੇ ਮੈਨੂੰ ਜ਼ਰਾ ਵੀ ਖੁਸ਼ੀ ਨਹੀਂ ਹੁੰਦੀ ਜਿੱਥੇ ਪੂਰਾ ਬੋਝ ਸਿਰਫ ਕੁੜੀ ਦੇ ਮਾਪਿਆਂ ਸਿਰ ‘ਤੇ ਪਾਇਆ ਜਾਂਦਾ ਹੈ । ਵਿਆਹ ਸਾਦੇ ਢੰਗ ਨਾਲ ਹੋਣੇ ਚਾਹੀਦੇ ਹਨ।