ਪੰਜਾਬ ਦੇ ਹੁਸ਼ਿਆਰਪੁਰ ਦੇ ਜਲੰਧਰ ਰੋਡ ‘ਤੇ ਪਿੱਪਲਾਂਵਾਲਾ ਵਿਖੇ ਦੋ ਧਿਰਾਂ ਵਿਚਕਾਰ ਦਿਨ-ਦਿਹਾੜੇ ਗੈਂਗ ਵਾਰ ਹੋਈ। ਲੜਾਈ ਦੇ ਨਾਲ-ਨਾਲ ਦੋਵਾਂ ਪਾਸਿਆਂ ਤੋਂ ਗੋਲੀਆਂ ਵੀ ਚੱਲੀਆਂ। ਝੜਪ ‘ਚ ਨੌਜਵਾਨ ਦੇ ਸਿਰ ‘ਚ ਗੋਲੀ ਲੱਗਣ ਕਾਰਨ ਉਸ ਦੀ ਮੌਕੇ ‘ਤੇ ਹੀ ਮੌਤ ਹੋ ਗਈ, ਜਦਕਿ 1 ਨੌਜਵਾਨ ਜ਼ਖਮੀ ਹੋ ਗਿਆ। ਜਿਸ ਨੂੰ ਸਿਵਲ ਹਸਪਤਾਲ ਲਿਆਂਦਾ ਗਿਆ ਪਰ ਡਾਕਟਰਾਂ ਨੇ ਉਸ ਦੀ ਗੰਭੀਰ ਹਾਲਤ ਨੂੰ ਦੇਖਦੇ ਹੋਏ ਉਸ ਨੂੰ ਨਿੱਜੀ ਹਸਪਤਾਲ ਰੈਫਰ ਕਰ ਦਿੱਤਾ। ਮ੍ਰਿਤਕ ਦੀ ਪਛਾਣ ਜਸਪ੍ਰੀਤ ਸਾਜਨ ਵਜੋਂ ਹੋਈ ਹੈ। ਜ਼ਖਮੀ ਦਾ ਨਾਂ ਚੰਨਾ ਹੈ ਜੋ ਗੋਕੁਲ ਨਗਰ ਦਾ ਰਹਿਣ ਵਾਲਾ ਹੈ। ਚੰਨਾ ਦੇ ਸਿਰ ਵਿਚ ਵੀ ਦੋ ਗੋਲੀਆਂ ਲੱਗੀਆਂ। ਉਸ ਨੂੰ ਨਿੱਜੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੋਕਾਂ ਨੇ ਦੱਸਿਆ ਕਿ ਪੁਰਾਣੀ ਰੰਜਿਸ਼ ਨੂੰ ਲੈ ਕੇ ਗੈਂਗਵਾਰ ਹੋਈ ਅਤੇ ਇਸ ਨੇ ਖੂਨੀ ਮੋੜ ਲੈ ਲਿਆ। ਘਟਨਾ ਦੀ ਸੂਚਨਾ ਮਿਲਦੇ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ ਅਤੇ ਜਾਂਚ ‘ਚ ਜੁੱਟ ਗਈ। ਪੁਲਿਸ ਨੇ ਮੌਕੇ ਤੋਂ ਗੋਲੀਆਂ ਦੇ ਖੋਲ ਵੀ ਬਰਾਮਦ ਕੀਤੇ ਹਨ। ਸੱਤਾ ਅਤੇ ਸਾਜਨ ਵਿਚਕਾਰ ਝਗੜਾ ਚੱਲ ਰਿਹਾ ਸੀ। ਦੋਵਾਂ ਨੇ ਆਪਣੀ ਦੁਸ਼ਮਣੀ ਖ਼ਤਮ ਕਰਨ ਲਈ ਪਿੱਪਲਾਂਵਾਲਾ ਵਿਖੇ ਮੁਲਾਕਾਤ ਕੀਤੀ ਸੀ। ਦੋਵੇਂ ਉੱਥੇ ਪਹੁੰਚ ਗਏ ਅਤੇ ਵਿਵਾਦ ਸੁਲਝਾਉਣ ਦੀ ਬਜਾਏ ਦੋਵੇਂ ਆਪਸ ਵਿਚ ਉਲਝ ਗਏ। ਦੋਵਾਂ ਨੇ ਫੋਨ ਆਨ ਕਰਕੇ ਆਪਣੇ-ਆਪਣੇ ਸਾਥੀਆਂ ਨੂੰ ਬੁਲਾਇਆ। ਸਾਜਨ ਆਪਣੇ ਗਿਰੋਹ ਦੇ ਨਾਲ ਜਲੰਧਰ ਹਾਈਵੇਅ ‘ਤੇ ਪਿੱਪਲਾਂਵਾਲਾ ਬਾਜ਼ਾਰ ਦੇ ਵਿਚਕਾਰ ਖੜ੍ਹਾ ਸੀ।