ਹਰਿਆਣਾ ਵਿੱਚ ਹੁਣ ਮੋਟੇ ਪੁਲਿਸ ਵਾਲੇ ਨਹੀਂ ਦਿਖਾਈ ਦੇਣਗੇ। ਫੀਲਡ ਤੋਂ ਹੁਣ ਉਨ੍ਹਾਂ ਦਾ ਪੁਲਿਸ ਲਾਈਨ ਵਿੱਚ ਟਰਾਂਸਫਰ ਕੀਤਾ ਜਾਵੇਗਾ। ਰਾਜ ਗ੍ਰਹਿ ਤੇ ਸਿਹਤ ਮੰਤਰੀ ਅਨਿਲ ਵਿਜ ਨੇ ਪੁਲਿਸ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਦੀ ਫਿੱਟਨੈੱਸ ਨੂੰ ਧਿਆਨ ਵਿੱਚ ਰੱਖਦੇ ਹੋਏ ਗ੍ਰਹਿ ਵਿਭਾਗ ਦੇ ਮੁੱਖ ਬੁਲਾਰੇ ਨੂੰ ਇਸ ਸਬੰਧੀ ਲਿਖਤ ਨਿਰਦੇਸ਼ ਜਾਰੀ ਕੀਤੇ ਹਨ। ਆਦੇਸ਼ ਵਿੱਚ ਕਿਹਾ ਗਿਆ ਹੈ ਕਿ ਜਿਨ੍ਹਾਂ ਪੁਲਿਸ ਵਾਲਿਆਂ ਦਾ ਭਾਰ ਵੱਧ ਗਿਆ ਹੈ ਤੇ ਲਗਾਤਾਰ ਸਮੇਂ ਦੇ ਨਾਲ ਵਧਦਾ ਜਾ ਰਿਹਾ ਹੈ ਉਨ੍ਹਾਂ ਦਾ ਟਰਾਂਸਫਰ ਪੁਲਿਸ ਲਾਈਨ ਵਿੱਚ ਕੀਤਾ ਜਾਵੇ। ਇਨ੍ਹਾਂ ਕਰਮਚਾਰੀਆਂ ਨੂੰ ਕਸਰਤ ਰਾਹੀਂ ਫਿੱਟ ਕੀਤਾ ਜਾ ਸਕੇ ਅਤੇ ਉਸ ਤੋਂ ਬਾਅਦ ਹੀ ਉਨ੍ਹਾਂ ਨੂੰ ਡਿਊਟੀ ‘ਤੇ ਲਗਾਇਆ ਜਾ ਸਕੇ। ਵਿਜ ਨੇ ਗ੍ਰਹਿ ਵਿਭਾਗ ਦੇ ਮੁੱਖ ਬੁਲਾਰੇ ਨੂੰ ਲਿਖਤ ਨਿਰਦੇਸ਼ ਵਿੱਚ ਕਿਹਾ ਹੈ ਕਿ ਇਹ ਦੇਖਿਆ ਗਿਆ ਹੈ ਕਿ ਪੁਲਿਸ ਵਿਭਾਗ ਵਿੱਚ ਕਈ ਪੁਲਿਸ ਕਰਮੀਆਂ ਦਾ ਭਾਰ ਵੱਧ ਗਿਆ ਹੈ ਤੇ ਸਮੇਂ ਦੇ ਨਾਲ-ਨਾਲ ਉਨ੍ਹਾਂ ਦਾ ਭਾਰ ਹੋਰ ਵਧਦਾ ਜਾ ਰਿਹਾ ਹੈ। ਇਸ ਕਾਰਨ ਉਹ ਆਪਣੀ ਡਿਊਟੀ ਪੂਰੀ ਮੁਸਤੈਦੀ ਨਾਲ ਨਹੀਂ ਕਰ ਪਾ ਰਹੇ ਹਨ। ਅਜਿਹੇ ਵਿੱਚ ਇਹ ਜ਼ਰੂਰੀ ਹੋ ਗਿਆ ਹੈ ਕਿ ਪੁਲਿਸ ਕਰਮੀਆਂ ਨੂੰ ਫਿੱਟ ਕੀਤਾ ਜਾਵੇ। ਅਨਿਲ ਵਿਜ ਨੇ ਆਪਣੇ ਨਿਰਦੇਸ਼ ਵਿੱਚ ਇਹ ਵੀ ਲਿਖਿਆ ਹੈ ਕਿ ਮੈਂ ਚਾਹਾਂਗਾ ਕਿ ਪੁਲਿਸ ਅਧਿਕਾਰੀਆਂ, ਕਰਮਚਾਰੀਆਂ ਦੀ ਫਿੱਟਨੈੱਸ ਬਣਾਏ ਰੱਖਣ ਦੇ ਲਈ, ਜਿਨ੍ਹਾਂ ਪੁਲਿਸ ਅਧਿਕਾਰੀ ਤੇ ਕਰਮੀਆਂ ਦਾ ਭਾਰ ਵੱਧ ਹੋ ਗਿਆ ਹੈ, ਉਨ੍ਹਾਂ ਨੂੰ ਪੁਲਿਸ ਲਾਈਨ ਵਿੱਚ ਤਬਦੀਲ ਕੀਤਾ ਜਾਵੇ ਤੇ ਜਦੋਂ ਤੱਕ ਉਹ ਡਿਊਟੀ ਦੇ ਲਈ ਫਿੱਟ ਨਹੀਂ ਹੋ ਜਾਂਦੇ, ਉਦੋਂ ਤੱਕ ਉਨ੍ਹਾਂ ਨੂੰ ਕਸਰਤ ਕਰਵਾਈ ਜਾਵੇ। ਅਪਰਾਧ ‘ਤੇ ਲਗਾਮ ਲਗਾਉਣ ਦੇ ਲਈ ਪੁਲਿਸ ਕਰਮੀਆਂ ਦੀ ਫਿੱਟਨੈੱਸ ਬਹੁਤ ਜ਼ਰੂਰੀ ਹੈ, ਇਸਦੇ ਮੱਦੇਨਜ਼ਰ ਇਹ ਨਿਰਦੇਸ਼ ਦਿੱਤੇ ਗਏ ਹਨ ਤਾਂ ਜੋ ਰਾਜਾਂ ਨੂੰ ਅਪਰਾਧ ਤੋਂ ਮੁਕਤ ਕੀਤਾ ਜਾ ਸਕੇ। ਦੱਸ ਦੇਈਏ ਕਿ ਪੁਲਿਸ ਲਾਈਨ ਵਿੱਚ ਢਿੱਡ ਘੱਟ ਕਰਨ ਦੇ ਲਈ ਯੋਗਾ ਟ੍ਰੇਨਰ ਵੀ ਮੌਜੂਦ ਰਹੇਗਾ। ਨਾਲ ਹੀ ਫਾਰਮਾਸਿਸਟ ਵੀ ਇਸ ਦੌਰਾਨ ਪੁਲਿਸ ਲਾਈਨ ਵਿੱਚ ਹਾਜ਼ਰ ਰਹੇਗਾ। ਇਸਦੇ ਨਾਲ ਹੀ ਹਰ ਰੋਜ਼ ਦੀ ਐਕਟੀਵਿਟੀ ਵੀ ਦਰਜ ਕੀਤੀ ਜਾਵੇਗੀ, ਜਿਸਦੀ ਰਿਪੋਰਟ ਮੁੱਖ ਦਫ਼ਤਰ ਭੇਜੀ ਜਾਵੇਗੀ। ਇਸ ਤੋਂ ਪਹਿਲਾਂ 2022 ਵਿੱਚ ਵੀ ਹਰਿਆਣਾ ਪੁਲਿਸ ਦੇ DGP ਵੱਲੋਂ ਵੀ ਇਸ ਸਬੰਧੀ ਆਦੇਸ਼ ਜਾਰੀ ਕੀਤੇ ਜਾ ਚੁੱਕੇ ਹਨ।