ਹਰਿਆਣਾ ਦੇ ਅੰਬਾਲਾ ਕੈਂਟ ‘ਚ ਵਾਹਨ ਦੀ ਲਪੇਟ ‘ਚ ਆਉਣ ਨਾਲ 3 ਸਾਲ ਦੇ ਬੱਚੇ ਦੀ ਮੌਤ ਹੋ ਗਈ। ਇਹ ਹਾਦਸਾ ਵੀਰਵਾਰ ਸ਼ਾਮ ਨੂੰ 6.30 ਵਜੇ ਆਰਮੀ ਖੇਤਰ ‘ਚ ਟੈਂਕ ਪੁਲ ਨੇੜੇ ਵਾਪਰਿਆ। ਬੱਚਾ ਆਪਣੀ ਮਾਂ ਨਾਲ ਸਾਈਕਲ ‘ਤੇ ਜਾ ਰਿਹਾ ਸੀ। ਪੁਲਿਸ ਨੇ ਲਾਪਰਵਾਹੀ ਵਰਤਣ ਵਾਲੇ ਡਰਾਈਵਰ ਖ਼ਿਲਾਫ਼ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ। ਬਿਹਾਰ ਦੇ ਪਿੰਡ ਬੈਗਰਾਂ (ਜ਼ਿਲ੍ਹਾ ਮਧੂਬਨੀ) ਦੀ ਵਸਨੀਕ ਕਵਿਤਾ ਨੇ ਦਸਿਆ ਕਿ ਉਹ ਅਪਣੇ ਪਰਿਵਾਰ ਸਮੇਤ ਅੰਬਾਲਾ ਕੈਂਟ ਆਰਮੀ ਖੇਤਰ ਵਿਚ ਸਵੀਮਿੰਗ ਪੂਲ ਨੇੜੇ ਕੋਠੀ ਨੰਬਰ-36 ਵਿਚ ਪਿਛਲੇ 5 ਸਾਲਾਂ ਤੋਂ ਕਿਰਾਏ ’ਤੇ ਰਹਿ ਰਹੀ ਹੈ। ਔਰਤ ਨੇ ਦਸਿਆ ਕਿ ਵੀਰਵਾਰ ਸ਼ਾਮ 6.30 ਵਜੇ ਉਹ ਤੇ ਉਸ ਦਾ 3 ਸਾਲਾ ਪੁੱਤਰ ਵਰੁਣ ਸਾਈਕਲ ‘ਤੇ ਜਾ ਰਹੇ ਸਨ, ਕਿ ਅਚਾਨਕ ਤੇਜ਼ ਰਫਤਾਰ ਵਾਹਨ ਨੇ ਬਿਨਾਂ ਹਾਰਨ ਵਜਾਏ ਸਾਈਕਲ ਨੂੰ ਸਿੱਧੀ ਟੱਕਰ ਮਾਰ ਦਿਤੀ। ਟੱਕਰ ਹੁੰਦੇ ਹੀ ਮਾਸੂਮ ਦੇ ਨੱਕ ‘ਚੋਂ ਖੂਨ ਵਹਿਣ ਲੱਗਾ। ਮਾਂ ਅਪਣੇ ਬੱਚੇ ਨੂੰ ਡਾਕਟਰ ਕੋਲ ਲੈ ਗਈ। ਇਥੋਂ ਡਾਕਟਰ ਨੇ ਬੱਚੇ ਨੂੰ ਅੰਬਾਲਾ ਕੈਂਟ ਸਿਵਲ ਹਸਪਤਾਲ ਰੈਫਰ ਕਰ ਦਿਤਾ। ਜਦੋਂ ਉਹ ਸਿਵਲ ਹਸਪਤਾਲ ਪਹੁੰਚੀ ਤਾਂ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਵਾਹਨ ਨੰਬਰ ਦੇ ਆਧਾਰ ’ਤੇ ਮੁਲਜ਼ਮਾਂ ਖ਼ਿਲਾਫ਼ ਧਾਰਾ 279, 304ਏ ਤਹਿਤ ਕੇਸ ਦਰਜ ਕਰਕੇ ਜਾਂਚ ਸ਼ੁਰੂ ਕਰ ਦਿਤੀ ਹੈ।