ਖੰਨਾ ਪੁਲਿਸ ਨੇ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਅੰਤਰ-ਰਾਜ਼ੀ ਗਿਰੋਹ ਦਾ ਪਰਦਾਫ਼ਾਸ਼ ਕੀਤਾ। ਇਸ ਦੇ ਇਕ ਮੈਂਬਰ ਨੂੰ ਕਾਬੂ ਕਰ ਕੇ 5 ਪਿਸਤੌਲ ਬਰਾਮਦ ਕੀਤੇ ਗਏ। ਹਰਿਆਣਾ ਦੇ ਜ਼ਿਲ੍ਹਾ ਝੱਜਰ ਦਾ ਰਹਿਣ ਵਾਲਾ ਇਹ ਵਿਅਕਤੀ ਬਾਹਰੀ ਸੂਬਿਆਂ ਤੋਂ ਅਸਲਾ ਲਿਆ ਕੇ ਪੰਜਾਬ ਅੰਦਰ ਗੈਂਗਸਟਰਾਂ ਨੂੰ ਸਪਲਾਈ ਕਰਦਾ ਸੀ। ਇਸ ਪੂਰੀ ਕਾਰਵਾਈ ਬਾਰੇ ਐਸ.ਐਸ.ਪੀ. ਖੰਨਾ ਅਮਨੀਤ ਕੌਂਡਲ ਨੇ ਪ੍ਰੈੱਸ ਕਾਨਫ਼ਰੰਸ ਕਰ ਕੇ ਜਾਣਕਾਰੀ ਸਾਝੀ ਕੀਤੀ ਹੈ। ਐਸ.ਐਸ.ਪੀ. ਅਮਨੀਤ ਕੌਂਡਲ ਨੇ ਦਸਿਆ ਕਿ ਮਾੜੇ ਅਨਸਰਾਂ ਨੂੰ ਕਾਬੂ ਕਰਨ ਲਈ ਵਿਸ਼ੇਸ਼ ਮੁਹਿੰਮ ਜਾਰੀ ਹੈ। ਇਸ ਮੁਹਿੰਮ ਨੂੰ ਜਾਰੀ ਰੱਖਦੇ ਹੋਏ ਇੰਸਪੈਕਟਰ ਅਮਨਦੀਪ ਸਿੰਘ ਸੀ.ਆਈ.ਏ. ਇੰਚਾਰਜ ਖੰਨਾ ਦੀ ਅਗਵਾਈ ਹੇਠ ਗੈਂਗਸਟਰਾਂ ਨੂੰ ਅਸਲਾ ਸਪਲਾਈ ਕਰਨ ਵਾਲੇ ਅੰਤਰ-ਰਾਜ਼ੀ ਗਿਰੋਹ ਦਾ ਪਰਦਾਫ਼ਾਸ਼ ਕੀਤਾ। ਇਸ ਦੇ ਇਕ ਮੈਂਬਰ ਨੂੰ ਕਾਬੂ ਕਰ ਕੇ 5 ਪਿਸਤੌਲ ਬਰਾਮਦ ਕੀਤੇ ਗਏ। ਉਨ੍ਹਾਂ ਦਸਿਆ ਕਿ ਸੀ.ਆਈ.ਏ. ਸਟਾਫ਼ ਖੰਨਾ ਦੀ ਪੁਲਿਸ ਪਾਰਟੀ ਚੈਕਿੰਗ ਦੌਰਾਨ ਸ਼ੱਕੀ ਵਿਅਕਤੀਆਂ ਦੇ ਸਬੰਧ ਵਿਚ ਕੱਦੋ ਚੌਕ ਦੋਰਾਹਾ ਪੁਲ ਹੇਠਾਂ ਮੌਜੂਦ ਸੀ ਤਾਂ ਪੁਲਿਸ ਪਾਰਟੀ ਪਾਸ ਮੁਖਬਰ ਨੇ ਇਤਲਾਹ ਦਿਤੀ ਕਿ ਦਿਵੇਸ਼ ਵਾਸੀ ਥੋਰੀ ਜ਼ਿਲ੍ਹਾ ਝੱਜਰ (ਹਰਿਆਣਾ) ਜਿਸ ਕੋਲ ਨਾਜਾਇਜ਼ ਅਸਲੇ ਦੇਸੀ ਕੱਟੇ ਹਨ, ਜਿਸ ਦੇ ਗੈਂਗਸਟਰਾਂ ਨਾਲ ਸਬੰਧ ਹਨ। ਮੁਖਬਰ ਨੇ ਪੁਲਿਸ ਨੂੰ ਦਸਿਆ ਕਿ ਦਿਵੇਸ਼ ਬੱਸ ਅੱਡਾ ਜੀ.ਟੀ. ਰੋਡ ਦੋਰਾਹਾ ਵਿਖੇ ਸ਼ੱਕੀ ਹਾਲਤ ਵਿਚ ਖੜਾ ਹੈ। ਪੁਲਿਸ ਪਾਰਟੀ ਨੇ ਬੱਸ ਅੱਡਾ ਜੀ.ਟੀ. ਰੋਡ ਦੋਰਾਹਾ ਵਿਖੇ ਰੇਡ ਕਰ ਕੇ ਦਿਵੇਸ਼ ਨੂੰ ਕਾਬੂ ਕੀਤਾ। ਫਿਰ ਦਿਵੇਸ਼ ਦੇ ਬੈਗ ਦੀ ਤਲਾਸ਼ੀ ਕੀਤੀ ਤਾਂ ਉਸ ਵਿਚੋਂ 5 ਦੇਸੀ ਕੱਟੇ 315 ਬੋਰ ਬ੍ਰਾਮਦ ਹੋਏ। ਐਸ.ਐਸ.ਪੀ. ਨੇ ਅੱਗੇ ਦਸਿਆ ਕਿ ਹੁਣ ਤਕ ਦੀ ਤਫ਼ਤੀਸ਼ ਤੋਂ ਇਹ ਗੱਲ ਸਾਹਮਣੇ ਆਈ ਹੈ ਕਿ ਦੋਸ਼ੀ ਦਿਵੇਸ਼ ਦੇ ਕਈ ਬਾਹਰਲੇ ਜ਼ਿਲ੍ਹਿਆਂ ਦੇ ਗੈਂਗਸਟਰਾਂ ਨਾਲ ਸਬੰਧ ਹਨ, ਜਿਨ੍ਹਾਂ ਨਾਲ ਮਿਲ ਕੇ ਉਹ ਪੰਜਾਬ ਵਿਚ ਅਸਲਾ ਸਪਲਾਈ ਕਰਦਾ ਸੀ। ਉਸ ਨੂੰ ਗ੍ਰਿਫ਼ਤਾਰ ਕਰ ਕੇ ਕਈ ਵੱਡੀਆਂ ਵਾਰਦਾਤਾਂ ਨੂੰ ਅੰਜ਼ਾਮ ਦੇਣ ਤੋਂ ਰੋਕਿਆ ਗਿਆ ਹੈ। ਦੋਸ਼ੀ ਦੇ ਸਾਥੀਆਂ ਸਬੰਧੀ ਡੂੰਘਾਈ ਨਾਲ ਤਫ਼ਤੀਸ਼ ਕੀਤੀ ਜਾ ਰਹੀ ਹੈ, ਜਿਨ੍ਹਾਂ ਦੀ ਗ੍ਰਿਫ਼ਤਾਰੀ ਤੋਂ ਬਾਅਦ ਅਹਿਮ ਖ਼ੁਲਾਸੇ ਹੋ ਸਕਦੇ ਹਨ। ਫਿਲਹਾਲ ਦਿਵੇਸ਼ ਦਾ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾ ਰਹੀ ਹੈ।