ਰੂਸ ਨੇ ਉਡਾਇਆ ਯੂਕਰੇਨ ਦਾ ਸਭ ਤੋਂ ਵੱਡਾ ਡੈਮ!

ਰੂਸ-ਯੂਕਰੇਨ ਵਿੱਚ ਪਿਛਲੇ 14 ਮਹੀਨਿਆਂ ਤੋਂ ਭਿਆਨਕ ਜੰਗ ਚੱਲ ਰਹੀ ਹੈ, ਇਸੇ ਵਿਚਾਲੇ ਰੂਸ-ਯੂਕਰੇਨ ਜੰਗ ਦੌਰਾਨ ਮੰਗਲਵਾਰ ਨੂੰ ਯੂਕਰੇਨ ਦਾ ਸਭ ਤੋਂ ਵੱਡਾ ਡੈਮ ਕਾਖੋਵਕਾ ਤਬਾਹ ਹੋ ਜਾਣ ਦੀ ਖਬਰ ਸਾਹਮਣੇ ਆਈ ਹੈ। ਰਿਪੋਰਟ ਮੁਤਾਬਕ ਡੈਮ ਦਾ ਪਾਣੀ ਜੰਗ ਦੇ ਮੈਦਾਨ ਤੱਕ ਪਹੁੰਚ ਗਿਆ ਹੈ। ਹੜ੍ਹ ਦੇ ਡਰ ਕਾਰਨ ਨੇੜਲੇ ਪਿੰਡਾਂ ਨੂੰ ਖਾਲੀ ਕਰਵਾਇਆ ਜਾ ਰਿਹਾ ਹੈ। ਖਰਸੋਨ ਇਲਾਕੇ ਨੂੰ ਵੀ ਅਲਰਟ ‘ਤੇ ਰੱਖਿਆ ਗਿਆ ਹੈ। ਰੂਸੀ ਨਿਊਜ਼ ਏਜੰਸੀ ਮੁਤਾਬਕ 80 ਪਿੰਡਾਂ ਵਿੱਚ ਹੜ੍ਹ ਦਾ ਖ਼ਤਰਾ ਹੈ। ਇਨ੍ਹਾਂ ਪਿੰਡਾਂ ਲਈ ਅਗਲੇ 5 ਘੰਟੇ ਬਹੁਤ ਅਹਿਮ ਦੱਸੇ ਜਾ ਰਹੇ ਹਨ। ਉੱਤਰੀ ਯੂਕਰੇਨ ਵਿੱਚ ਡਨੀਪਰ ਨਦੀ ਉੱਤੇ ਸੋਵੀਅਤ ਯੁੱਗ ਦੇ ਕਾਖੋਵਕਾ ਡੈਮ ਰੂਸ ਦੇ ਕਬਜ਼ੇ ਵਾਲੇ ਖੇਤਰ ਵਿੱਚ ਹੈ। ਰੂਸੀ ਫੌਜ ਨੇ ਯੂਕਰੇਨ ਦੇ ਹਮਲੇ ਵਿੱਚ ਆਪਣੀ ਤਬਾਹੀ ਦੀ ਗੱਲ ਕਹੀ ਹੈ। ਇੱਥੇ ਦੱਸ ਦੇਈਏ ਕਿ ਯੂਕਰੇਨ ਦੀ ਉੱਤਰੀ ਕਮਾਨ ਦੇ ਫੌਜੀ ਅਧਿਕਾਰੀਆਂ ਨੇ ਮੰਗਲਵਾਰ ਨੂੰ ਕਿਹਾ ਕਿ ਡੈਮ ‘ਤੇ ਰੂਸ ਨੇ ਹਮਲਾ ਕੀਤਾ ਹੈ। ਡੈਮ ਟੁੱਟਣ ਕਾਰਨ ਤਬਾਹੀ ਦੇ ਖਦਸ਼ੇ ਦੇ ਮੱਦੇਨਜ਼ਰ ਰਾਸ਼ਟਰਪਤੀ ਜ਼ੇਲੇਂਸਕੀ ਨੇ ਹੰਗਾਮੀ ਮੀਟਿੰਗ ਵੀ ਬੁਲਾਈ ਹੈ। ਡਨੀਪਰ ਨਦੀ ‘ਤੇ ਕਾਖੋਵਕਾ ਡੈਮ 30 ਮੀਟਰ ਉੱਚਾ ਹੈ ਅਤੇ 3.2 ਕਿਲੋਮੀਟਰ ਦੇ ਖੇਤਰ ਨੂੰ ਕਵਰ ਕਰਦਾ ਹੈ। ਇਹ ਸੋਵੀਅਤ ਸ਼ਾਸਨ ਦੌਰਾਨ 1956 ਵਿੱਚ ਬਣਾਇਆ ਗਿਆ ਸੀ। ਇਸ ਡੈਮ ਤੋਂ ਹੀ ਕ੍ਰੀਮੀਆ ਅਤੇ ਜ਼ਾਪੋਰੀਝਜ਼ਿਆ ਪ੍ਰਮਾਣੂ ਪਲਾਂਟਾਂ ਨੂੰ ਪਾਣੀ ਦੀ ਸਪਲਾਈ ਕੀਤੀ ਜਾਂਦੀ ਹੈ। ਰੂਸ ਅਤੇ ਯੂਕਰੇਨ ਮੰਗਲਵਾਰ ਨੂੰ ਇੰਟਰਨੈਸ਼ਨਲ ਕ੍ਰਿਮੀਨਲ ਕੋਰਟ ‘ਚ ਆਹਮੋ-ਸਾਹਮਣੇ ਹੋਣਗੇ। ਯੂਕਰੇਨ ਦਾ ਦੋਸ਼ ਹੈ ਕਿ ਰੂਸ ਸਾਲਾਂ ਤੋਂ ਯੂਕਰੇਨ ਦੇ ਵੱਖਵਾਦੀਆਂ ਦਾ ਸਮਰਥਨ ਕਰ ਰਿਹਾ ਹੈ, ਜਿਸ ਕਾਰਨ ਯੂਕਰੇਨ ਵਿੱਚ ਹਮਲੇ ਹੋ ਰਹੇ ਹਨ। ਇਸ ਪੂਰੇ ਮਾਮਲੇ ‘ਚ ਦੋਵੇਂ ਦੇਸ਼ ਹੇਗ ‘ਚ ਆਪਣੇ ਪੱਖ ‘ਚ ਦਲੀਲ ਦੇਣਗੇ। ਇਹ ਮਾਮਲਾ ਜੰਗ ਤੋਂ 5 ਸਾਲ ਪਹਿਲਾਂ ਯੂਕਰੇਨ ਨੇ ਦਰਜ ਕੀਤਾ ਸੀ। 2022 ‘ਚ ਹੋਏ ਹਮਲੇ ਤੋਂ ਬਾਅਦ ਯੂਕਰੇਨ ਨੇ ਅੰਤਰਰਾਸ਼ਟਰੀ ਅਪਰਾਧਿਕ ਅਦਾਲਤ ‘ਚ ਰੂਸ ਦੇ ਖਿਲਾਫ ਕਈ ਹੋਰ ਮਾਮਲੇ ਵੀ ਦਾਇਰ ਕੀਤੇ ਹਨ। ਇਸ ਤੋਂ ਪਹਿਲਾਂ ਦੂਜੇ ਵਿਸ਼ਵ ਯੁੱਧ ਦੌਰਾਨ, ਸਟਾਲਿਨ ਦੇ ਹੁਕਮਾਂ ‘ਤੇ ਸੋਵੀਅਤ ਸੰਘ ਦੀ ਫੌਜ ਵੱਲੋਂ ਪਣ-ਬਿਜਲੀ ਡੈਮ ਨੂੰ ਉਡਾ ਦਿੱਤਾ ਗਿਆ ਸੀ। ਉਸ ਵੇਲੇ ਡੈਮ ਦੀ ਤਬਾਹੀ ਤੋਂ ਬਾਅਦ 1 ਲੱਖ ਲੋਕ ਮਾਰੇ ਗਏ ਸਨ।

Leave a Reply

Your email address will not be published. Required fields are marked *