ਮਰਹੂਮ ਪੰਜਾਬੀ ਗਾਇਕ ਸ਼ੁਭਦੀਪ ਸਿੰਘ ਉਰਫ਼ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਇੱਕ ਸਾਲ ਬਾਅਦ ਉਸ ਦੇ ਪਰਿਵਾਰ ਨੂੰ ਅਦਾਲਤ ਵੱਲੋਂ ਉਸ ਦਾ ਪਿਸਤੌਲ ਅਤੇ ਦੋ ਮੋਬਾਈਲ ਦੇ ਦਿੱਤੇ ਗਏ ਹਨ। ਪਰਿਵਾਰ ਪੁੱਤ ਦੀ ਮੌਤ ਤੋਂ ਬਾਅਦ ਤੋਂ ਹੀ ਸਮਾਨ ਵਾਪਸ ਦੇਣ ਦੀ ਅਪੀਲ ਕਰ ਰਿਹਾ ਸੀ। ਹਾਲਾਂਕਿ ਅਦਾਲਤ ‘ਚ ਹਰ ਪੇਸ਼ੀ ‘ਤੇ ਉਹਨਾਂ ਨੂੰ ਆਪਣੇ ਨਾਲ ਮੋਬਾਈਲ ਅਤੇ ਪਿਸਤੌਲ ਲਿਆਉਣਾ ਪਏਗਾ। ਮੂਸੇਵਾਲਾ ਦੇ ਪਰਿਵਾਰ ਨੂੰ ਪਿਸਤੌਲ ਲਈ 4 ਲੱਖ ਰੁਪਏ ਅਤੇ ਮੋਬਾਈਲ ਲਈ 1 ਲੱਖ ਰੁਪਏ ਦਾ ਮੁਚੱਲਕਾ ਭਰਨਾ ਪਿਆ। ਇਹ ਪਿਸਤੌਲ ਹੁਣ ਮੂਸੇਵਾਲਾ ਦੀ ਮਾਤਾ ਚਰਨ ਕੌਰ ਦੇ ਨਾਂ ‘ਤੇ ਦਰਜ ਹੋਵੇਗਾ। ਅਦਾਲਤ ਨੇ ਮੂਸੇਵਾਲਾ ਦੇ ਪਰਿਵਾਰ ਨੂੰ ਕਿਹਾ ਹੈ ਕਿ ਜਦੋਂ ਤੱਕ ਕਤਲ ਦਾ ਕੇਸ ਚੱਲ ਰਿਹਾ ਹੈ, ਉਹ ਮੋਬਾਈਲ ਤੇ ਪਿਸਤੌਲ ਅੱਗੇ ਨਹੀਂ ਵੇਚ ਸਕਦੇ। ਇਸ ਤੋਂ ਇਲਾਵਾ ਪਿਸਤੌਲ ਅਤੇ ਮੋਬਾਈਲ ਦਾ ਰੰਗ ਵੀ ਨਹੀਂ ਬਦਲਿਆ ਜਾ ਸਕਦਾ।