ਅੰਮ੍ਰਿਤਸਰ ‘ਚ ਬੰਦ ਕਮਰੇ ‘ਚ ਇਕ ਵਿਅਕਤੀ ਦੀ ਸ਼ੱਕੀ ਹਾਲਾਤਾਂ ‘ਚ ਮੌਤ ਹੋ ਗਈ। ਲਾਸ਼ 2 ਦਿਨ ਤੱਕ ਉਸੇ ਬੰਦ ਕਮਰੇ ‘ਚ ਪਈ ਰਹੀ। ਘਟਨਾ ਦਾ ਪਤਾ ਉਸ ਸਮੇਂ ਲੱਗਾ ਜਦੋਂ ਮ੍ਰਿਤਕ ਦਾ ਲੜਕਾ ਘਰ ਪਹੁੰਚਿਆ। ਉਦੋਂ ਤੱਕ ਲਾਸ਼ ਬੁਰੀ ਤਰ੍ਹਾਂ ਸੜ ਚੁੱਕੀ ਸੀ। ਪਰਿਵਾਰ ਨੇ ਮ੍ਰਿਤਕ ਦੇ ਸਾਥੀ ‘ਤੇ ਸ਼ੱਕ ਜ਼ਾਹਰ ਕੀਤਾ ਹੈ। ਮ੍ਰਿਤਕ ਦੀ ਪਛਾਣ ਮੁਖਤਿਆਰ ਸਿੰਘ ਵਜੋਂ ਹੋਈ ਹੈ। ਮ੍ਰਿਤਕ ਦੇ ਪੁੱਤਰ ਨੇ ਦਸਿਆ ਕਿ ਉਸ ਦੇ ਮਾਤਾ-ਪਿਤਾ ਵੱਖ ਰਹਿੰਦੇ ਹਨ। ਉਹ ਆਪਣੀ ਮਾਂ ਨਾਲ ਰਹਿੰਦਾ ਹੈ ਅਤੇ ਉਸਦਾ ਪਿਤਾ ਦਿਹਾੜੀਦਾਰ ਹੈ ਅਤੇ ਮਾਨਾਵਾਲਾ ਵਿਚ ਕਿਰਾਏ ਦੇ ਮਕਾਨ ਵਿਚ ਰਹਿ ਰਿਹਾ ਸੀ। ਕੁਝ ਦਿਨ ਪਹਿਲਾਂ ਵੀ ਉਸ ਦੀ ਇਕ ਸਾਥੀ ਨਾਲ ਲੜਾਈ ਹੋਈ ਸੀ। ਉਹ ਵੀ ਮੌਕੇ ‘ਤੇ ਪਹੁੰਚ ਗਿਆ ਅਤੇ ਦੋਵਾਂ ਦਾ ਸੁਲ੍ਹਾ ਕਰਵਾ ਦਿਤਾ। ਦੋ ਦਿਨਾਂ ਤੋਂ ਪਿਤਾ ਨਾਲ ਦੁਬਾਰਾ ਗੱਲ ਨਹੀਂ ਹੋ ਰਹੀ ਸੀ। ਫ਼ੋਨ ਵੀ ਬੰਦ ਆ ਰਿਹਾ ਸੀ। ਉਹ ਸ਼ਨੀਵਾਰ ਸਵੇਰੇ ਮਾਨਾਵਾਲਾ ਪਹੁੰਚਿਆ ਤਾਂ ਦਰਵਾਜ਼ਾ ਬੰਦ ਸੀ ਜਿਸ ਨੂੰ ਤੋੜ ਕੇ ਦੇਖਿਆ ਤਾਂ ਅੰਦਰ ਲਾਸ਼ ਪਈ ਸੀ। ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਆਈਪੀਸੀ 174 ਤਹਿਤ ਕਾਰਵਾਈ ਸ਼ੁਰੂ ਕਰ ਦਿਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ਦਰਜ ਕਰ ਲਏ ਗਏ ਹਨ। ਪੋਸਟਮਾਰਟਮ ਤੋਂ ਬਾਅਦ ਹੀ ਪਤਾ ਲੱਗੇਗਾ ਕਿ ਮੌਤ ਕਿਸ ਕਾਰਨ ਹੋਈ। ਜਿਸ ਦੇ ਆਧਾਰ ‘ਤੇ ਪੁਲਿਸ ਅਗਲੀ ਕਾਰਵਾਈ ਕਰੇਗੀ।