ਲੁਧਿਆਣਾ ਲੁੱਟ ਮਾਮਲੇ ‘ਚ 2 ਹੋਰ ਮੁਲਜ਼ਮ ਕਾਬੂ ਕੀਤੇ ਗਏ ਹਨ। ਇਹਨਾਂ ਮੁਲਜ਼ਮਾਂ ਕੋਲੋਂ ਕੁੱਲ 75 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਦੱਸ ਦਈਏ ਮਾਮਲੇ ਸਬੰਧੀ ਲੁਧਿਆਣਾ ਪੁਲਿਸ ਕਮਿਸ਼ਨਰ ਵੱਲੋਂ ਪ੍ਰੈਸ ਕਾਨਫਰੰਸ ਵੀ ਕੀਤੀ ਗਈ। ਉਨ੍ਹਾਂ ਦੱਸਿਆ ਕਿ ਹੁਣ ਤੱਕ ਮਾਮਲੇ ‘ਚ ਕੁੱਲ 6 ਮੁਲਜ਼ਮਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ। ਜਿਹਨਾਂ ਦੀ ਪਛਾਣ ਮਨਜਿੰਦਰ ਸਿੰਘ ਉਰਫ਼ ਮਨੀ, ਮਨਦੀਪ ਸਿੰਘ ਉਰਫ਼ ਵਿੱਕੀ, ਹਰਵਿੰਦਰ ਸਿੰਘ ਉਰਫ਼ ਲੰਬੂ, ਪਰਮਜੀਤ ਸਿੰਘ ਉਰਫ਼ ਪੰਮਾ, ਹਰਪ੍ਰੀਤ ਸਿੰਘ, ਨਰਿੰਦਰ ਸਿੰਘ ਉਰਫ਼ ਹੈਪੀ, ਦੱਸ ਦਈਏ ਕਿ ਇਹਨਾਂ ਮੁਲਜ਼ਮਾਂ ਕੋਲੋਂ ਹੁਣ ਤੱਕ ਕੁੱਲ 5 ਕਰੋੜ, 75 ਲੱਖ, 700 ਰੁਪਏ ਦੀ ਬਰਾਮਦਗੀ ਕੀਤੀ ਗਈ ਹੈ। ਪ੍ਰੈਸ ਕਾਨਫਰੰਸ ਕਰਦਿਆਂ ਪੁਲਸ ਕਮਿਸ਼ਨਰ ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਮੁੱਖ ਮੁਲਜ਼ਮ ਮਨਜਿੰਦਰ ਸਿੰਘ ਮਨੀ ਦੇ ਘਰੋਂ ਗਟਰ ‘ਚੋਂ 50 ਲੱਖ ਰੁਪਏ ਬਰਾਮਦ ਹੋਏ ਹਨ, ਜੋ ਕਿ ਇੱਟ ਨਾਲ ਬੰਨ੍ਹੇ ਲਿਫ਼ਾਫ਼ੇ ‘ਚ ਪਾਏ ਗਏ ਹਨ। ਇਸ ਤਰ੍ਹਾਂ ਦੋਸ਼ੀ ਮਨੀ ਤੋਂ ਹੁਣ ਤੱਕ ਪੁਲਸ ਨੇ ਡੇਢ ਕਰੋੜ ਰੁਪਿਆ ਬਰਾਮਦ ਕੀਤਾ ਹੈ। ਇਸ ਤੋਂ ਇਲਾਵਾ ਨਰਿੰਦਰ ਉਰਫ਼ ਹੈਪੀ ਜੋ ਕਿ 6ਵਾਂ ਦੋਸ਼ੀ ਹੈ ਉਸ ਤੋਂ 25 ਲੱਖ ਰੁਪਏ ਦੇ ਕਰੀਬ ਪੈਸੇ ਬਰਾਮਦ ਕੀਤੇ ਗਏ ਹਨ, ਜੋ ਉਸ ਨੇ ਆਪਣੇ ਘਰ ਦੇ ਬਾਹਰ ਦੱਬੇ ਹੋਏ ਸਨ।ਮਨਦੀਪ ਸਿੰਘ ਸਿੱਧੂ ਨੇ ਦੱਸਿਆ ਕਿ ਹੁਣ ਤੱਕ ਦੀ ਜਾਂਚ ਦੌਰਾਨ 5 ਕਰੋੜ, 75 ਲੱਖ ਰੁਪਏ ਬਰਾਮਦ ਕੀਤੇ ਗਏ ਹਨ। ਕੇਸ ਦੀ ਮੁੱਖ ਮੁਲਜ਼ਮ ਮਨਦੀਪ ਕੌਰ ਦੀ ਭਾਲ ‘ਚ ਰਾਜਸਥਾਨ, ਮਹਾਰਾਸ਼ਟਰ ਅਤੇ ਹਿਮਾਚਲ ‘ਚ ਛਾਪੇਮਾਰੀ ਕੀਤੀ ਜਾ ਰਹੀ ਹੈ। ਉਨ੍ਹਾਂ ਖ਼ਿਲਾਫ਼ ਐੱਲ. ਓ. ਸੀ. ਜਾਰੀ ਹੋ ਚੁੱਕੀ ਹੈ। ਪੁਲਿਸ ਕਮਿਸ਼ਨਰ ਨੇ ਕਿਹਾ ਕਿ ਮੁਲਾਜ਼ਮਾਂ ਨੂੰ ਸੀਵਰੇਜ ਲਾਈਨਾਂ ਤੱਕ ਕਰੋੜਾਂ ਰੁਪਏ ਦੀ ਖੋਜ ਲਈ ਵੜਨਾ ਪਿਆ। ਉਨ੍ਹਾਂ ਕਿਹਾ ਕਿ ਇਹ ਇਕ ਵਿਲੱਖਣ ਕੇਸ ਹੈ, ਕਿਉਂਕਿ ਸਾਰੇ ਦੋਸ਼ੀਆਂ ‘ਚੋਂ ਕਿਸੇ ਦਾ ਵੀ ਕੋਈ ਪਿਛਲਾ ਅਪਰਾਧਿਕ ਰਿਕਾਰਡ ਨਹੀਂ ਹੈ। ਉਨ੍ਹਾਂ ਕਿਹਾ ਕਿ ਸੀ. ਐੱਮ. ਐੱਸ. ਕੰਪਨੀ ਤੋਂ ਵੀ ਸਾਰੀ ਜਾਣਕਾਰੀ ਮੰਗੀ ਗਈ ਹੈ ਕਿ ਉਨ੍ਹਾਂ ਕੋਲ ਪੈਸਾ ਕਿੱਥੋਂ ਆਇਆ ਸੀ।