ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸਥਾਨਕ ਸਰਕਾਰਾਂ, ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੇ 419 ਨਵ-ਨਿਯੁਕਤ ਕਰਮਚਾਰੀਆਂ ਨੂੰ ਨਿਯੁਕਤੀ ਪੱਤਰ ਸੌਂਪੇ। ਇਸ ਦੌਰਾਨ ਉਨ੍ਹਾਂ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੂੰ ਉਹਨਾਂ ਦੇ ਪਾਗਲ ਵਾਲੇ ਬਿਆਨ ‘ਤੇ ਜਵਾਬ ਦਿੱਤਾ। ਉਨ੍ਹਾਂ ਕਿਹਾ ਕਿ ਬਾਦਲ ਨੂੰ ਆਪਣੇ ਸਕੇ ਪਿਤਾ ਅਤੇ ਪਿਤਾ ਸਮਾਨ ਵਿਚ ਫਰਕ ਵੀ ਨਹੀਂ ਪਤਾ। ਮੁੱਖ ਮੰਤਰੀ ਨੇ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਪੰਜਾਬ ਦੇ ਤਿੰਨ ਮੁੱਖ ਮੰਤਰੀਆਂ ਵਾਲੇ ਬਿਆਨ ‘ਤੇ ਚੁਟਕੀ ਲੈਂਦਿਆ ਕਿਹਾ ਕਿ ਜਿੱਥੇ ਉਹ ਪੜ੍ਹੇ ਹਨ ਉੱਥੇ ਪੰਜਾਬ ਦਾ ਇਤਿਹਾਸ ਨਹੀਂ ਪੜ੍ਹਾਇਆ ਜਾਂਦਾ। ਉਨ੍ਹਾਂ ਕਿਹਾ ਕਿ ਜਸਟਿਸ ਗੁਰਨਾਮ ਸਿੰਘ ਤੋਂ ਲੈ ਕੇ ਬਾਦਲ ਦੀ ਆਪਣੀ ਭੈਣ ਦੇ ਸਹੁਰੇ ਪ੍ਰਤਾਪ ਸਿੰਘ ਕੈਰੋਂ ਤੱਕ ਵੀ ਪੰਜਾਬ ਦੇ ਮੁੱਖ ਮੰਤਰੀ ਬਣੇ ਹਨ। ਹਰਚਰਨ ਬਰਾੜ, ਰਜਿੰਦਰ ਕੌਰ ਭੱਠਲ ਵੀ ਸੀ.ਐਮ. ਰਹੀ ਪਰ ਸੁਖਬੀਰ ਬਾਦਲ ਨੂੰ ਸਿਰਫ ਅਪਣੇ ਪਿਤਾ ਸਮੇਤ ਕੈਪਟਨ ਅਮਰਿੰਦਰ ਸਿੰਘ, ਬੇਅੰਤ ਸਿੰਘ ਨੂੰ ਹੀ ਨਜ਼ਰ ਆਏ ਅਤੇ ਉਹਨਾਂ ਨੇ ਮੈਨੂੰ ਪਾਗਲ ਜਿਹਾ ਸੀਐੱਮ ਕਿਹਾ। ਸੀਐਮ ਮਾਨ ਨੇ ਕਿਹਾ ਕਿ ਸਟੇਜ ‘ਤੇ ਰਿਕਾਰਡਿੰਗ ਦੌਰਾਨ ਆਪਣੇ ਅਸਲੀ ਪਿਤਾ ਨੂੰ ‘ਪਿਤਾ ਵਰਗਾ’ ਕਹਿਣ ਵਾਲਾ ਸੁਖਬੀਰ ਬਾਦਲ, ਜੋ ਪਿਤਾ ਬਰਾਬਰ ਦਾ ਫਰਕ ਨਹੀਂ ਜਾਣਦਾ, ਉਹ ਦੂਜਿਆਂ ‘ਚ ਨੁਕਸ ਲੱਭਦਾ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਢਾਈ ਵਜੇ ਨੂੰ ਸਾਢੇ 2 ਕਹਿਣ ‘ਤੇ ਵੀ ਤੰਜ਼ ਕੱਸਿਆ। ਸੀਐਮ ਮਾਨ ਨੇ ਕਿਹਾ ਕਿ ਮੈਂ ਪਾਗਲ ਹਾਂ, ਕਿਉਂਕਿ ਮੈਂ ਬੱਸ ਮਾਫੀਆ, ਰੇਤ ਮਾਫੀਆ, ਢਾਬਾ-ਸਮੋਸੇ ਦੀ ਰੇਹੜੀ, ਉਦਯੋਗਪਤੀ ਨਾਲ ਇੱਕ ਰੁਪਿਆ ਵੀ ਸਾਂਝਾ ਨਹੀਂ ਕੀਤਾ। ਉਹਨਾਂ ਨੇ ਕਿਹਾ ਕਿ ਹਾਂ ਮੈਂ ਪਾਗਲ ਹਾਂ, ਜਿਸ ਨੇ ਚਿੱਟਾ ਸਮੱਗਲਰਾਂ ਨਾਲ ਗੱਲ ਕਰਕੇ ਪੰਜਾਬ ਦੀ ਜਵਾਨੀ ਨੂੰ ਮਰਨ ਲਈ ਮਜ਼ਬੂਰ ਨਹੀਂ ਕੀਤਾ, ਚਿੱਟੇ ਰੰਗ ਦੇ ਸੱਥਰਾਂ ਨੂੰ ਘਰਾਂ ਵਿਚ ਨਹੀਂ ਆਉਣ ਦਿੱਤਾ। ਪਰ ਮੈਨੂੰ ਲੋਕਾਂ ਨੂੰ ਸਰਕਾਰੀ ਨੌਕਰੀਆਂ ਦੇਣ, ਸਕੂਲ ਪੱਕੇ ਕਰਨ, ਆਮ ਆਦਮੀ ਲਈ ਕਲੀਨਿਕ ਬਣਾਉਣ ਅਤੇ ਮੁਫ਼ਤ ਬਿਜਲੀ ਦੇਣ ਦਾ ਪਾਗਲਪਨ ਹੈ। ਮਾਨ ਨੇ ਆਪਣੇ ਵਿਅੰਗਮਈ ਅੰਦਾਜ਼ ਵਿਚ ਸਰਕਾਰੀ ਅਤੇ ਪ੍ਰਾਈਵੇਟ ਸਕੂਲ ਦੇ ਵਿਦਿਆਰਥੀ ਵਿਚ ਅੰਤਰ ਵੀ ਗਿਣਾਏ। ਸੀਐਮ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵਿਚ ਲੀਡਰ ਜਿੱਤਣ ਤੋਂ ਬਾਅਦ ਲੋਕਾਂ ਤੋਂ ਦੂਰੀ ਬਣਾ ਕੇ ਰੱਖਦੇ ਸਨ। ਇਹੀ ਕਾਰਨ ਹੈ ਕਿ ਲੋਕਾਂ ਨੇ ਉਹਨਾਂ ਤੋਂ ਦੂਰੀ ਬਣਾ ਲਈ ਹੈ। ਪਰ ਵਿਰੋਧੀ ਪਾਰਟੀਆਂ ਦੇ ਆਗੂ ਮਿਲ ਕੇ ਭਗਵੰਤ ਮਾਨ ਨੂੰ ਹਰਾਉਣ ਦੀਆਂ ਤਿਆਰੀਆਂ ਕਰ ਰਹੇ ਹਨ। ਇਸ ਦਾ ਮਤਲਬ ਹੈ ਕਿ ਉਹ ਪੰਜਾਬ ਦੇ 3.5 ਕਰੋੜ ਲੋਕਾਂ ਨੂੰ ਹਰਾਉਣ ਦੀ ਕੋਸ਼ਿਸ਼ ਕਰ ਰਹੇ ਹਨ।