ਪੁਲਿਸ ਕਮਿਸ਼ਨਰ ਨੇ ਕੀਤਾ ਖ਼ੁਲਾਸਾ, ਕਿਉਂ ਗਏ ਸ੍ਰੀ ਹੇਮਕੁੰਟ ਸਾਹਿਬ ‘ਡਾਕੂ ਹਸੀਨਾ’ ਅਤੇ ਉਸ ਦਾ ਪਤੀ

ਪੁਲਿਸ ਨੇ ਲੁਧਿਆਣਾ ‘ਚ ATM ਕੈਸ਼ ਕੰਪਨੀ CMS ‘ਚ 8.5 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਉਰਫ ਮੋਨਾ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਪੰਜਾਬ ਪੁਲਿਸ ਨੇ ਮੋਨਾ ਨੂੰ ਉਸ ਦੇ ਪਤੀ ਜਸਵਿੰਦਰ ਸਮੇਤ ਉਤਰਾਖੰਡ ਤੋਂ ਗ੍ਰਿਫਤਾਰ ਕਰ ਲਿਆ ਹੈ। ਉਹ ਇੱਥੇ ਇੱਕ ਧਾਰਮਿਕ ਸਥਾਨ ਵਿੱਚ ਲੂਕਾ ਹੋਏ ਸਨ । ਪੁਲਿਸ ਦੇ ਮੁਤਾਬਕ ਮਨਦੀਪ ਕੌਰ ਮੋਨਾ ਨੇ ਕੰਪਨੀ ਦੇ ਮੁਲਾਜ਼ਮ ਮਨਜਿੰਦਰ ਮਨੀ ਨਾਲ ਮਿਲ ਕੇ ਇਸ ਸਾਰੀ ਲੁੱਟ ਨੂੰ ਅੰਜਾਮ ਦਿੱਤਾ ਸੀ। ਜਿਸ ਵਿੱਚ ਮਨਦੀਪ ਦਾ ਪਤੀ ਜਸਵਿੰਦਰ ਸਿੰਘ ਅਤੇ ਭਰਾ ਵੀ ਉਸ ਦੇ ਨਾਲ ਸ਼ਾਮਲ ਸਨ। ਇਸੇ ਗ੍ਰਿਫ਼ਤਾਰੀ ਨੂੰ ਲੈ ਕੇ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਖ਼ੁਲਾਸਾ ਕੀਤਾ ਕਿ 8.49 ਕਰੋੜ ਦੀ ਲੁੱਟ ਦੀ ਮਾਸਟਰਮਾਈਂਡ ਮਨਦੀਪ ਕੌਰ ਅਤੇ ਉਸ ਦਾ ਪਤੀ ਜਸਵਿੰਦਰ ਸਿੰਘ ਸ੍ਰੀ ਹੇਮਕੁੰਟ ਸਾਹਿਬ ਕਿਉਂ ਗਏ ਸਨ। ਇਸ ਦੇ ਨਾਲ ਹੀ ਪੁਲਿਸ ਕਮਿਸ਼ਨਰ ਸਿੱਧੂ ਨੇ ਦੱਸਿਆ ਕਿ ਸਾਨੂੰ ਵੱਡੀ ਕਾਮਯਾਬੀ ਉਦੋਂ ਮਿਲੀ ਜਦੋਂ ਮਨਦੀਪ ਉਰਫ ਮੋਨਾ ਤੇ ਉਸ ਦੇ ਪਤੀ ਜਸਵਿੰਦਰ ਸਿੰਘ ਨੂੰ ਉੱਤਰਾਖੰਡ ਤੋਂ ਗ੍ਰਿਫ਼ਤਾਰ ਕੀਤਾ। ਪੁਲਿਸ ਕਮਿਸ਼ਨਰ ਨੇ ਦੱਸਿਆ ਕਿ ਲੁੱਟ ਦੀ ਵਾਰਦਾਤ ’ਚ ਸ਼ਾਮਲ ਸਾਰੇ ਮੁਲਜ਼ਮਾਂ ਨੇ ਸੁੱਖ ਸੁੱਖੀ ਸੀ ਕਿ ਜੇ ਲੁੱਟ ਦੀ ਵਾਰਦਾਤ ’ਚ ਕਾਮਯਾਬ ਹੋ ਗਏ ਤਾਂ ਸਾਰੇ ਸ਼ੁਕਰਾਨੇ ਦੀ ਸੁੱਖ ਲਾਹੁਣ ਲਈ ਕੇਦਾਰਨਾਥ, ਸ੍ਰੀ ਹੇਮਕੁੰਟ ਸਾਹਿਬ ਤੇ ਹਰਿਦੁਆਰ ਜਾਣਗੇ । ਵਾਰਦਾਤ ’ਚ ਕਾਮਯਾਬ ਹੋਣ ਤੋਂ ਬਾਅਦ ਮਨਦੀਪ ਅਤੇ ਜਸਵਿੰਦਰ ਸ੍ਰੀ ਹੇਮਕੁੰਟ ਸਾਹਿਬ ਵਿਖੇ ਆਪਣੀ ਸੁੱਖ ਲਾਹੁਣ ਗਏ ਸਨ। ਇਹ ਦੋਵੇਂ ਸ਼ੁਕਰਾਨੇ ਦੀ ਸੁੱਖ ਲਾਹੁਣ ਗਏ ਸਨ ਪਰ ਉਥੇ ਪਹੁੰਚਣ ਤੋਂ ਪਹਿਲਾਂ ਹੀ ਇਨ੍ਹਾਂ ਨੂੰ ਮੈਸੇਜ ਮਿਲ ਗਿਆ ਕਿ ਇਨ੍ਹਾਂ ਦੇ ਕੁਝ ਸਾਥੀ ਗ੍ਰਿਫ਼ਤਾਰ ਹੋ ਗਏ ਹਨ, ਫਿਰ ਇਨ੍ਹਾਂ ਨੇ ਹੇਮਕੁੰਟ ਸਾਹਿਬ ਜਾ ਕੇ ਮੱਥਾ ਟੇਕਿਆ। ਪੁਲਿਸ ਕਮਿਸ਼ਨਰ ਨੇ ਦੋਵਾਂ ਦੀ ਸ੍ਰੀ ਹੇਮਕੁੰਟ ਸਾਹਿਬ ਵਿਖੇ ਮੱਥਾ ਟੇਕਣ ਵਾਲੀ ਫੋਟੋ ਵੀ ਪ੍ਰੈੱਸ ਕਾਨਫਰੰਸ ’ਚ ਦਿਖਾਈ। ਇਨ੍ਹਾਂ ਦੋਵਾਂ ਨੇ ਫਿਰ ਸ਼ੁਕਰਾਨੇ ਦੀ ਬਜਾਏ ਮੱਥਾ ਭੁੱਲ ਬਖ਼ਸ਼ਾਉਣ ਲਈ ਟੇਕਿਆ। ਉਨ੍ਹਾਂ ਦੱਸਿਆ ਕਿ ਲੁੱਟ ਦੀ ਵਾਰਦਾਤ ਨੂੰ ਅੰਜਾਮ ਦੇਣ ਲਈ 2 ਮਾਡਿਊਲ ਬਣਾਏ ਗਏ ਸਨ, ਪੰਜ ਜਣੇ ਕਾਰ ਵਿਚ ਸਨ ਅਤੇ ਉਸ ਮਾਡਿਊਲ ਨੂੰ ਮਨਦੀਪ ਉਰਫ ਮੋਨਾ ਤੇ ਦੂਜੇ ਮਾਡਿਊਲ ਨੂੰ ਚਾਰ ਸਾਲ ਤੋਂ ਸੀ. ਐੱਸ. ਕੰਪਨੀ ’ਚ ਪੱਕਾ ਕਰਮਚਾਰੀ ਮਨਜਿੰਦਰ ਉਰਫ ਮਨੀ ਲੀਡ ਕਰ ਰਿਹਾ ਸੀ। ਉਨ੍ਹਾਂ ਦੱਸਿਆ ਕਿ ਇਸ ਲੁੱਟ ਦੀ ਵਾਰਦਾਤ ’ਚ ਅਰੁਣ ਕੋਚ, ਨੰਨੀ ਤੇ ਗੋਪਾ ਅਜੇ ਵੀ ਪੁਲਿਸ ਦੀ ਗ੍ਰਿਫ਼ਤ ’ਚੋਂ ਬਾਹਰ ਹਨ। ਵਾਰਦਾਤ ਵਾਲੇ ਦਿਨ ਗੋਪਾ ਇਨ੍ਹਾਂ ਨੂੰ ਕਾਰ ’ਚੋਂ ਉਤਾਰ ਕੇ ਫਰਾਰ ਹੋ ਗਿਆ ਸੀ। ਤੁਹਾਨੂੰ ਦੱਸ ਦਈਏ ਕਿ ਮਨਦੀਪ ਮੋਨਾ (29) ਦਾ ਵਿਆਹ 2018 ਵਿੱਚ ਪਟਿਆਲਾ ਵਿੱਚ ਹੋਇਆ ਸੀ। ਫਿਰ ਤਲਾਕ ਹੋ ਗਿਆ। ਪੁਲਿਸ ਦੀਆਂ ਤਿੰਨ ਟੀਮਾਂ ਉਤਰਾਖੰਡ ਵਿੱਚ ਤਲਾਸ਼ ਕਰ ਰਹੀਆਂ ਸਨ। ਘਟਨਾ ਤੋਂ ਬਾਅਦ ਮੋਨਾ ਅਤੇ ਉਸ ਦਾ ਪਤੀ ਕਿਸੇ ਰਿਸ਼ਤੇਦਾਰ ਦੇ ਘਰ ਰੁਕੇ। ਫ਼ੋਨ ‘ਤੇ ਕਿਸੇ ਨਾਲ ਗੱਲ ਨਹੀਂ ਸੀ ਕੀਤੀ। ਜਦੋਂ ਮਨਦੀਪ ਕੌਰ ਆਪਣੇ ਪਤੀ ਨਾਲ ਸਿਰ ਝੁਕਾ ਕੇ ਵਾਪਸ ਆ ਰਹੀ ਸੀ ਤਾਂ ਇੰਸਪੈਕਟਰ ਬੇਅੰਤ ਜੁਨੇਜਾ ਨੇ ਉਸ ਨੂੰ ਦਬੋਚ ਲਿਆ। ਇਨ੍ਹਾਂ ਦੇ ਕੱਪੜਿਆਂ ਅਤੇ ਜੁੱਤੀਆਂ ਤੋਂ ਇਨ੍ਹਾਂ ਨੂੰ ਪਛਾਣਿਆ ਗਿਆ ਹੈ। ਇਸ ਮਾਮਲੇ ਵਿੱਚ ਗੁਲਸ਼ਨ ਨੂੰ ਗਿੱਦੜਬਾਹਾ ਤੋਂ ਗ੍ਰਿਫ਼ਤਾਰ ਕੀਤਾ ਹੈ | ਹਾਲਾਂਕਿ 3 ਮੁਲਜ਼ਮਾਂ ਦੀ ਗ੍ਰਿਫ਼ਤਾਰੀ ਬਾਕੀ ਹੈ।

Leave a Reply

Your email address will not be published. Required fields are marked *