ਬਾਲੀਵੁੱਡ ਫਿਲਮ ਅਭਿਨੇਤਰੀ ਅਮੀਸ਼ਾ ਪਟੇਲ ਨੇ ਚੈੱਕ ਬਾਊਂਸ ਮਾਮਲੇ ‘ਚ ਸ਼ਨੀਵਾਰ ਨੂੰ ਰਾਂਚੀ ਦੀ ਸਿਵਲ ਕੋਰਟ ‘ਚ ਆਤਮ ਸਮਰਪਣ ਕਰ ਦਿਤਾ। ਅਦਾਲਤ ਨੇ ਉਸ ਨੂੰ 21 ਜੂਨ ਨੂੰ ਮੁੜ ਅਦਾਲਤ ਵਿਚ ਪੇਸ਼ ਹੋਣ ਦੇ ਨਿਰਦੇਸ਼ ਦਿਤੇ ਹਨ। ਅਮੀਸ਼ਾ ਪਟੇਲ ਸ਼ੁੱਕਰਵਾਰ ਨੂੰ ਰਾਂਚੀ ਏਅਰਪੋਰਟ ਤੋਂ ਸਿੱਧੇ ਸਿਵਲ ਕੋਰਟ ‘ਚ ਸਿਵਲ ਜੱਜ ਸੀਨੀਅਰ ਡਿਵੀਜ਼ਨ ਡੀਐੱਨ ਸ਼ੁਕਲਾ ਦੀ ਅਦਾਲਤ ‘ਚ ਪਹੁੰਚੀ। ਅਦਾਲਤ ‘ਚ ਆਤਮ ਸਮਰਪਣ ਕਰਨ ਤੋਂ ਬਾਅਦ ਉਸ ਨੂੰ 10,000 ਰੁਪਏ ਦੇ ਦੋ ਜ਼ਮਾਨਤੀ ਬਾਂਡ ‘ਤੇ ਜ਼ਮਾਨਤ ਦੇ ਦਿੱਤੀ ਗਈ। ਅਦਾਲਤ ਤੋਂ ਅਮੀਸ਼ਾ ਦੇ ਖਿਲਾਫ ਵਾਰੰਟ ਜਾਰੀ ਕੀਤਾ ਗਿਆ ਸੀ। ਅਦਾਲਤ ਨੇ ਦੋ ਵਾਰ ਵਾਰੰਟ ਜਾਰੀ ਕੀਤੇ ਸਨ। ਪਹਿਲਾ ਵਾਰੰਟ 6 ਅਪ੍ਰੈਲ 2023 ਅਤੇ ਦੂਜਾ ਵਾਰੰਟ 20 ਅਪ੍ਰੈਲ 2023 ਨੂੰ ਜਾਰੀ ਕੀਤਾ ਗਿਆ ਸੀ। ਇਹ ਮਾਮਲਾ ਸਾਲ 2017 ਦਾ ਹੈ, ਜਿਸ ਵਿਚ ਅਜੈ ਕੁਮਾਰ ਸਿੰਘ ਨੇ ਰਾਂਚੀ ਦੀ ਹਰਮੂ ਹਾਊਸਿੰਗ ਕਲੋਨੀ ਵਿਚ ਇੱਕ ਪ੍ਰੋਗਰਾਮ ਦੌਰਾਨ ਅਮੀਸ਼ਾ ਪਟੇਲ ਨਾਲ ਮੁਲਾਕਾਤ ਕੀਤੀ ਸੀ। ਇਸ ਦੌਰਾਨ ਉਨ੍ਹਾਂ ਨੂੰ ਅਮੀਸ਼ਾ ਤੋਂ ਫਿਲਮਾਂ ‘ਚ ਪੈਸਾ ਲਗਾਉਣ ਦਾ ਆਫਰ ਮਿਲਿਆ। ਇਲਜ਼ਾਮਾਂ ਮੁਤਾਬਕ ਫ਼ਿਲਮ ਦੇਸੀ ਮੈਜਿਕ ਬਣਾਉਣ ਦੇ ਨਾਂ ‘ਤੇ ਉਸ ਨੇ ਅਮੀਸ਼ਾ ਪਟੇਲ ਦੇ ਖਾਤੇ ‘ਚ 2.5 ਕਰੋੜ ਰੁਪਏ ਟਰਾਂਸਫਰ ਕੀਤੇ। ਅਜੈ ਕੁਮਾਰ ਸਿੰਘ ਲਵਲੀ ਵਰਲਡ ਐਂਟਰਟੇਨਮੈਂਟ ਦੇ ਪ੍ਰੋਪਰਾਈਟਰ ਹਨ। ਫਿਲਮ ਨਾ ਬਣਾਉਣ ਅਤੇ ਪੈਸੇ ਵਾਪਸ ਨਾ ਮਿਲਣ ‘ਤੇ ਅਜੇ ਕੁਮਾਰ ਸਿੰਘ ਨੇ ਹੇਠਲੀ ਅਦਾਲਤ ‘ਚ ਸ਼ਿਕਾਇਤ ਦਰਜ ਕਰਵਾਈ ਹੈ। ਅਜੇ ਕੁਮਾਰ ਸਿੰਘ ਵਲੋਂ ਦਰਜ ਕਰਵਾਈ ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਅਮੀਸ਼ਾ ਪਟੇਲ ਨੇ ਉਸ ਨਾਲ ਧੋਖਾਧੜੀ ਕੀਤੀ ਹੈ। ਫ਼ਿਲਮ ਨਾ ਬਣਨ ‘ਤੇ ਉਸ ਨੇ ਪੈਸੇ ਦੀ ਮੰਗ ਕੀਤੀ। ਅਭਿਨੇਤਰੀ ਵਲੋਂ ਉਨ੍ਹਾਂ ਨੂੰ ਇੱਕ ਚੈੱਕ ਦਿਤਾ ਗਿਆ ਸੀ, ਜੋ ਬਾਊਂਸ ਹੋ ਗਿਆ। ਇਸ ਮਾਮਲੇ ‘ਚ ਅਮੀਸ਼ਾ ਪਟੇਲ ਦੇ ਖ਼ਿਲਾਫ਼ ਵਾਰੰਟ ਜਾਰੀ ਕੀਤਾ ਗਿਆ ਸੀ। ਜਿਸ ਵਿਚ ਉਸ ਨੂੰ ਆਤਮ ਸਮਰਪਣ ਕਰਨਾ ਪਿਆ ਸੀ, ਹਾਲਾਂਕਿ ਅਦਾਲਤ ਵਲੋਂ ਉਸ ਨੂੰ ਜ਼ਮਾਨਤ ਦੇ ਦਿਤੀ ਗਈ ਸੀ।