ਫਿਰੋਜ਼ਪੁਰ ਜ਼ਿਲ੍ਹੇ ‘ਚ ਅੱਜ ਸਵੇਰੇ ਭਾਰਤ-ਪਾਕਿਸਤਾਨ ਸਰਹੱਦ ‘ਤੇ ਹੈਰੋਇਨ ਦੀ ਖੇਪ ਮਿਲੀ। ਸਰਚ ਆਪਰੇਸ਼ਨ ਦੌਰਾਨ ਬੀਐਸਐਫ ਜਵਾਨਾਂ ਨੇ ਇੱਕ ਵਿਅਕਤੀ ਦੇ ਪੈਰ ਦੇਖੇ। ਇਸ ਤੋਂ ਬਾਅਦ ਜਦੋਂ ਇਲਾਕੇ ‘ਚ ਤਲਾਸ਼ੀ ਮੁਹਿੰਮ ਚਲਾਈ ਗਈ ਤਾਂ ਪੀਲੇ ਰੰਗ ਦੇ 14 ਪੈਕਟ ਬਰਾਮਦ ਹੋਏ, ਜੋ ਕਿ ਹੈਰੋਇਨ ਨਾਲ ਭਰੇ ਹੋਏ ਸਨ। ਦੱਸਿਆ ਜਾ ਰਿਹਾ ਹੈ ਕਿ ਇਹ ਪੈਕਟ ਪਾਕਿਸਤਾਨ ਤੋਂ ਡਰੋਨ ਰਾਹੀਂ ਆਏ ਹਨ। ਮਿਲੀ ਜਾਣਕਾਰੀ ਅਨੁਸਾਰ ਬੀਓਪੀ ਜਗਦੀਸ਼ ਕੋਲ ਇਹ ਖੇਪ ਮਿਲੀ। ਹਰ ਪੈਕੇਟ ਵਿਚ ਲਗਭਗ 100 ਗ੍ਰਾਮ ਹੈਰੋਇਨ ਸੀ, ਜਿਸ ਦਾ ਮਤਲਬ ਹੈ ਕਿ ਬਰਾਮਦ ਕੀਤੀ ਗਈ ਹੈਰੋਇਨ ਦਾ ਕੁੱਲ ਵਜ਼ਨ 1 ਕਿਲੋ 400 ਗ੍ਰਾਮ ਹੈ। ਬੀਐਸਐਫ ਅਧਿਕਾਰੀਆਂ ਨੇ ਦੱਸਿਆ ਕਿ ਅੱਜ ਸਵੇਰੇ ਕਰੀਬ 6.30 ਵਜੇ ਬੀਐਸਐਫ਼ ਦੀ ਖੁਰਾ ਚੈਕਿੰਗ ਪਾਰਟੀ ਸਰਹੱਦ ’ਤੇ ਬੀਓਪੀ ਜਗਦੀਸ਼ ਦੇ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਅਧਿਕਾਰੀਆਂ ਅਨੁਸਾਰ ਗਸ਼ਤ ਦੌਰਾਨ ਬੀਪੀ ਨੰਬਰ 192/16 ਨੇੜੇ ਆਉਂਦੇ-ਜਾਂਦੇ ਇੱਕ ਵਿਅਕਤੀ ਦੇ ਪੈਰਾਂ ਦੇ ਨਿਸ਼ਾਨ ਦੇਖੇ ਗਏ ਅਤੇ ਤੁਰੰਤ ਉਸ ਇਲਾਕੇ ਦੀ ਤਲਾਸ਼ੀ ਲਈ ਗਈ। ਕਰੀਬ 6:45 ‘ਤੇ ਖੁਰਾ ਪਾਰਟੀ ਨੂੰ 14 ਛੋਟੇ ਪੈਕੇਟ ਮਿਲੇ ਅਤੇ ਹਰ ਪੈਕਟ ‘ਚ ਕਰੀਬ 100 ਗ੍ਰਾਮ ਹੈਰੋਇਨ ਸੀ, ਜਿਸ ਦੀ ਕੀਮਤ ਕਰੋੜਾਂ ‘ਚ ਬਣਦੀ ਹੈ।