ਨੌਜਵਾਨ ਦੁੱਧ ਵੇਚਣ ਦੀ ਆੜ ‘ਚ ਕਰਦਾ ਸੀ ਨਸ਼ਾ ਤਸਕਰੀ, 50.17 ਗ੍ਰਾਮ ਹੈਰੋਇਨ ਬਰਾਮਦ

ਮਨੀਮਾਜਰਾ ਦੇ ਰਹਿਣ ਵਾਲੇ ਦੋਧੀ ਨੂੰ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੀ ਸਪਲਾਈ ਕਰਨ ਦੇ ਦੋਸ਼ ‘ਚ ਕਾਬੂ ਕੀਤਾ ਹੈ। ਪੁਲਿਸ ਨੇ ਮੌਕੇ ’ਤੇ ਮੁਲਜ਼ਮ ਕੋਲੋਂ 50.17 ਗ੍ਰਾਮ ਹੈਰੋਇਨ ਅਤੇ 16 ਪਾਬੰਦੀਸ਼ੁਦਾ ਟੀਕੇ ਬਰਾਮਦ ਕੀਤੇ। ਮੁਲਜ਼ਮ ਦੀ ਪਛਾਣ ਮਨੀਮਾਜਰਾ ਦੇ ਕਸਬਾ ਪਿੱਪਲੀ ਵਾਲਾ ਦੇ ਰਹਿਣ ਵਾਲੇ ਮਨਜੀਤ ਸਿੰਘ ਉਰਫ ਮੰਨਾ ਵਜੋਂ ਹੋਈ ਹੈ। ਮੁਲਜ਼ਮ ਖ਼ਿਲਾਫ਼ ਸਾਲ 2021 ਵਿਚ ਮਨੀਮਾਜਰਾ ਥਾਣੇ ਵਿਚ ਇੱਕ ਹੋਰ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕੀਤਾ ਗਿਆ ਸੀ। ਹੁਣ ਇਸ ਧਾਰਾ ਤਹਿਤ ਦੂਜਾ ਮਾਮਲਾ ਦਰਜ ਕੀਤਾ ਗਿਆ ਹੈ। ਐਸਐਸਪੀ ਕੰਵਰਦੀਪ ਕੌਰ ਦੀਆਂ ਹਦਾਇਤਾਂ ਅਨੁਸਾਰ ਡੀਐਸਪੀ ਵਿਕਾਸ ਸ਼ਿਓਕੰਦ ਦੀ ਅਗਵਾਈ ਹੇਠ ਇੰਸਪੈਕਟਰ ਜਸਮਿੰਦਰ ਸਿੰਘ ਸਮੇਤ ਟੀਮ ਮਨੀਮਾਜਰਾ ਇਲਾਕੇ ਵਿਚ ਗਸ਼ਤ ਕਰ ਰਹੀ ਸੀ। ਇਸੇ ਦੌਰਾਨ ਫਾਇਰ ਸਟੇਸ਼ਨ ਨੇੜੇ ਇੱਕ ਬਾਈਕ ਸਵਾਰ ਵਿਅਕਤੀ ਪੁਲਿਸ ਮੁਲਾਜ਼ਮਾਂ ਨੂੰ ਦੇਖ ਕੇ ਯੂ-ਟਰਨ ਲੈ ਕੇ ਭੱਜਣ ਦੀ ਕੋਸ਼ਿਸ਼ ਵਿਚ ਡਿੱਗ ਪਿਆ। ਜਦੋਂ ਪੁਲਿਸ ਮੁਲਾਜ਼ਮਾਂ ਨੇ ਉਸ ਨੂੰ ਕਾਬੂ ਕੀਤਾ ਤਾਂ ਉਸ ਕੋਲੋਂ ਨਸ਼ੀਲੇ ਟੀਕੇ ਅਤੇ ਪਾਬੰਦੀਸ਼ੁਦਾ ਟੀਕੇ ਬਰਾਮਦ ਹੋਏ। ਪੁਲਿਸ ਜਾਂਚ ‘ਚ ਸਾਹਮਣੇ ਆਇਆ ਕਿ ਦੋਸ਼ੀ ਮਨਜੀਤ ਅਪਣੇ ਭਰਾ ਨਾਲ ਮਿਲ ਕੇ ਸ਼ਾਸਤਰੀ ਨਗਰ, ਮਨੀਮਾਜਰਾ ‘ਚ ਦੁੱਧ ਦਾ ਕਾਰੋਬਾਰ ਕਰਦਾ ਹੈ। ਉਸ ਦੀ ਡੇਅਰੀ ਵਿਚ 30/35 ਗਾਵਾਂ ਹਨ। ਮਨਜੀਤ ਚੰਡੀਗੜ੍ਹ ਅਤੇ ਪੰਚਕੂਲਾ ਦੇ ਵੱਖ-ਵੱਖ ਸੈਕਟਰਾਂ ਨੂੰ ਦੁੱਧ ਸਪਲਾਈ ਕਰਦਾ ਹੈ। ਇਸ ਦੀ ਆੜ ‘ਚ ਨਸ਼ੀਲੇ ਪਦਾਰਥ ਅਤੇ ਪਾਬੰਦੀਸ਼ੁਦਾ ਟੀਕੇ ਸਪਲਾਈ ਕਰਨ ਦਾ ਸ਼ੱਕ ਸੀ। ਪੁਲਿਸ ਦਾ ਦਾਅਵਾ ਹੈ ਕਿ ਮੁਲਜ਼ਮ ਪਿਛਲੇ 10 ਮਹੀਨਿਆਂ ਤੋਂ ਨਸ਼ਾ ਤਸਕਰੀ ਵਿੱਚ ਸਰਗਰਮ ਹੋ ਕੇ 2/3 ਲੱਖ ਰੁਪਏ ਮਹੀਨਾ ਕਮਾ ਰਿਹਾ ਸੀ।

Leave a Reply

Your email address will not be published. Required fields are marked *