ਕੇਂਦਰੀ ਸੜਕ ਟਰਾਂਸਪੋਰਟ ਮੰਤਰਾਲੇ ਨੇ ਵੱਡਾ ਫ਼ੈਸਲਾ ਲਿਆ ਹੈ ਜੋ ਕਿ ਉਨ੍ਹਾਂ ਟਰੱਕ ਡਰਾਈਵਰਾਂ ਲਈ ਵੱਡੀ ਰਾਹਤ ਸਾਬਤ ਹੋ ਸਕਦਾ ਹੈ, ਜੋ ਸਖ਼ਤ ਗਰਮੀ, ਸਰਦੀ ਅਤੇ ਬਰਸਾਤ ਦੇ ਦਿਨਾਂ ਵਿਚ ਰੋਜ਼ਾਨਾ ਕਰੀਬ 12 ਘੰਟੇ ਡਰਾਈਵਿੰਗ ਕਰਦੇ ਹਨ। ਕੇਂਦਰੀ ਸੜਕੀ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ 2025 ਤੋਂ ਸਾਰੇ ਟਰੱਕ ਕੈਬਿਨਾਂ ਨੂੰ ਲਾਜ਼ਮੀ ਤੌਰ ‘ਤੇ ਏਅਰ ਕੰਡੀਸ਼ਨਡ (AC) ਕਰਨ ਦੇ ਹੁਕਮ ਦਿੱਤੇ ਹਨ। ਇਹ ਉਹਨਾਂ ਡਰਾਈਵਰਾਂ ਨੂੰ ਬਹੁਤ ਆਰਾਮ ਪ੍ਰਦਾਨ ਕਰੇਗਾ ਜੋ ਅਕਸਰ ਪਸੀਨੇ ਵਿਚ ਭਿੱਜੇ ਹੋਣ ਦੇ ਬਾਵਜੂਦ ਟਰੱਕ ਚਲਾਉਂਦੇ ਹਨ। ਟਰੱਕ ਡਰਾਈਵਰਾਂ ਦੀ ਕਠੋਰ ਕੰਮਕਾਜ ਅਤੇ ਸੜਕ ‘ਤੇ ਲੰਬੇ ਸਮੇਂ ਤੱਕ ਲਗਾਤਾਰ ਗੱਡੀ ਚਲਾਉਣ ਦੀ ਥਕਾਵਟ ਸੜਕ ਹਾਦਸਿਆਂ ਦਾ ਵੱਡਾ ਕਾਰਨ ਦੱਸੀ ਜਾਂਦੀ ਹੈ। ਵੋਲਵੋ ਅਤੇ ਸਕੈਨੀਆ ਵਰਗੀਆਂ ਬਹੁ-ਰਾਸ਼ਟਰੀ ਕੰਪਨੀਆਂ ਦੁਆਰਾ ਬਣਾਏ ਗਏ ਉੱਚ ਪੱਧਰੀ ਟਰੱਕ ਪਹਿਲਾਂ ਹੀ AC ਟਰੱਕ ਕੈਬਿਨਾਂ ਦੇ ਨਾਲ ਆਉਂਦੇ ਹਨ। ਪਰ ਪਿਛਲੇ ਕਈ ਸਾਲਾਂ ਤੋਂ ਇਸ ਮੁੱਦੇ ‘ਤੇ ਬਹਿਸ ਦੇ ਬਾਵਜੂਦ ਜ਼ਿਆਦਾਤਰ ਭਾਰਤੀ ਕੰਪਨੀਆਂ ਇਸ ਮਾਮਲੇ ‘ਚ ਅੱਗੇ ਵਧਣ ਤੋਂ ਝਿਜਕ ਰਹੀਆਂ ਸਨ। ਹਾਲਾਂਕਿ, ਸੋਮਵਾਰ ਨੂੰ ਕੇਂਦਰੀ ਸੜਕ ਆਵਾਜਾਈ ਮੰਤਰੀ ਨਿਤਿਨ ਗਡਕਰੀ ਨੇ ਐਲਾਨ ਕੀਤਾ ਕਿ ਉਨ੍ਹਾਂ ਨੇ ਟਰੱਕ ਕੈਬਿਨਾਂ ਨੂੰ ਏਸੀ ਲਾਜ਼ਮੀ ਬਣਾਉਣ ਦੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ। ਉਨ੍ਹਾਂ ਦੇ ਬਿਆਨ ਵਿਚ ਕਿਹਾ ਗਿਆ ਹੈ ਕਿ ਟਰੱਕ ਉਦਯੋਗ ਨੂੰ ਅਪਗ੍ਰੇਡ ਕਰਨ ਲਈ 18 ਮਹੀਨਿਆਂ ਦਾ ਪਰਿਵਰਤਨ ਸਮਾਂ ਜ਼ਰੂਰੀ ਹੈ। ਸੜਕ ਆਵਾਜਾਈ ਮੰਤਰਾਲੇ ਨੇ ਸਭ ਤੋਂ ਪਹਿਲਾਂ 2016 ਵਿਚ ਇਸ ਕਦਮ ਦਾ ਪ੍ਰਸਤਾਵ ਕੀਤਾ ਸੀ। ਨਿਤਿਨ ਗਡਕਰੀ ਨੇ ਕਿਹਾ ਕਿ ‘ਸਾਡੇ ਦੇਸ਼ ‘ਚ ਕੁਝ ਡਰਾਈਵਰ 12 ਜਾਂ 14 ਘੰਟੇ ਟਰੱਕ ਚਲਾਉਂਦੇ ਹਨ, ਜਦਕਿ ਦੂਜੇ ਦੇਸ਼ਾਂ ‘ਚ ਬੱਸ ਅਤੇ ਟਰੱਕ ਡਰਾਈਵਰਾਂ ਦੀ ਡਿਊਟੀ ‘ਤੇ ਕਿੰਨੇ ਘੰਟੇ ਹੁੰਦੇ ਹਨ, ਇਸ ‘ਤੇ ਪਾਬੰਦੀ ਹੈ। ਸਾਡੇ ਡਰਾਈਵਰ 43 ਤੋਂ 47 ਡਿਗਰੀ ਦੇ ਤਾਪਮਾਨ ਵਿਚ ਗੱਡੀ ਚਲਾਉਂਦੇ ਹਨ ਅਤੇ ਸਾਨੂੰ ਡਰਾਈਵਰਾਂ ਦੀ ਹਾਲਤ ਦੀ ਕਲਪਨਾ ਕਰਨੀ ਚਾਹੀਦੀ ਹੈ। ਮੈਂ ਮੰਤਰੀ ਬਣਨ ਤੋਂ ਬਾਅਦ ਏਸੀ ਕੈਬਿਨ ਸ਼ੁਰੂ ਕਰਨ ਦਾ ਚਾਹਵਾਨ ਸੀ। ਪਰ ਕੁਝ ਲੋਕਾਂ ਨੇ ਇਸ ਦਾ ਇਹ ਕਹਿ ਕੇ ਵਿਰੋਧ ਕੀਤਾ ਕਿ ਇਸ ਨਾਲ ਲਾਗਤ ਵਧੇਗੀ। ਅੱਜ (ਸੋਮਵਾਰ) ਮੈਂ ਫਾਈਲ ‘ਤੇ ਦਸਤਖਤ ਕੀਤੇ ਹਨ ਕਿ ਸਾਰੇ ਟਰੱਕ ਕੈਬਿਨ ਏ.ਸੀ. ਹੋਣਗੇ।